ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ 22 ਅਕਤੂਬਰ ਨੂੰ ਕਰਵਾਈ ਕਾਵਿਮਈ ਸੁਰੀਲੀ ਸ਼ਾਮ ਨੇ ਸਰੀ ਦੇ ਸਾਹਿਤਕ ਹਲਕਿਆਂ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਨ ਵਿਚ ਸਫਲਤਾ ਹਾਸਲ ਕੀਤੀ। ਤਿੰਨ ਸੌ ਦੇ ਕਰੀਬ ਸਾਹਿਤਕ ਪ੍ਰੇਮੀਆਂ ਨੇ ਇਸ ਸ਼ਾਮ ਵਿਚ ਸ਼ਾਮਲ ਹੋ ਕੇ ਕਵੀਆਂ ਦੇ ਕਲਾਮ ਅਤੇ ਸੂਫੀਆਨਾ ਗਾਇਕੀ ਨੂੰ ਰੂਹ ਨਾਲ ਮਾਣਿਆਂ ਅਤੇ ਤਾੜੀਆਂ ਨਾਲ ਭਰਪੂਰ ਦਾਦ ਦਿੰਦਿਆਂ ਸਾਬਤ ਕਰ ਦਿੱਤਾ ਹੈ ਕਿ ਸੰਜੀਦਾ ਸ਼ਾਇਰੀ ਅਤੇ ਸੰਜੀਦਾ ਗਾਇਕੀ ਦੇ ਕਦਰਦਾਨ ਸਰੀ ਵਿਚ ਵੀ ਵਸਦੇ ਹਨ। ਇਸ ਸ਼ਾਮ ਦੀ ਪ੍ਰਧਾਨਗੀ ਅਮਰੀਕਾ ਤੋਂ ਆਏ ਨਾਮਵਰ ਸ਼ਾਇਰ ਕੁਲਵਿੰਦਰ, ਡਾ. ਅਮਰਜੀਤ ਭੁੱਲਰ, ਭੁਪਿੰਦਰ ਮੱਲ੍ਹੀ, ਨਰਿੰਦਰ ਭਾਗੀ ਅਤੇ ਦਸਮੇਸ਼ ਗਿੱਲ ਫਿਰੋਜ਼ ਨੇ ਕੀਤੀ।
ਮੰਚ ਵੱਲੋਂ ਰਾਜਵੰਤ ਰਾਜ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਸੁਰੀਲੀ ਸ਼ਾਮ ਦੇ ਆਗਾਜ਼ ਲਈ ਪ੍ਰੋ. ਸ਼ਰਨਦੀਪ ਕੌਰ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਸ਼ਰਨਦੀਪ ਕੌਰ ਨੇ ਆਪਣੀ ਖੂਬਸੂਰਤ ਆਵਾਜ਼ ਵਿਚ ਸ਼ਿਵ ਕੁਮਾਰ ਬਟਾਲਵੀ ਤੇ ਨੰਦ ਲਾਲ ਨੂਰਪੁਰੀ ਦੇ ਗੀਤਾਂ ਨੂੰ ਆਪਣੇ ਸੁਰ ਦਿੱਤੇ ਅਤੇ ਵਾਰਿਸ ਦੀ ਹੀਰ ਨੂੰ ਪਿਆਰੀ ਆਵਾਜ਼ ਅਤੇ ਅੰਦਾਜ਼ ਵਿਚ ਪੇਸ਼ ਕਰਕੇ ਸੁਰੀਲੀ ਸ਼ਾਮ ਦੀ ਖੁਸ਼ਬੂ ਨਾਲ ਸਮੁੱਚਾ ਹਾਲ ਮਹਿਕਾਅ ਦਿੱਤਾ। ਕੈਲੀਫੋਰਨੀਆ ਤੋਂ ਆਏ ਨਾਮਵਰ ਸੂਫੀਆਨਾ ਗਾਇਕ ਸੁਖਦੇਵ ਸਾਹਿਲ ਨੇ ਬੁੱਲੇ ਸ਼ਾਹ ਦੇ ਕਲਾਮ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਗ਼ਜ਼ਲਾਂ, ਗੀਤ, ਟੱਪੇ ਅਤੇ ਛੱਲਾ ਆਪਣੇ ਨਿਵੇਕਲੇ ਅੰਦਾਜ਼ ਵਿਚ ਗਾ ਕੇ ਆਪਣੀ ਕਲਾਸਿਕ ਗਾਇਕੀ ਦਾ ਬਿਹਰਤੀਨ ਪ੍ਰਦਰਸ਼ਨ ਕੀਤਾ ਅਤੇ ਸਰੋਤਿਆਂ ਵੱਲੋਂ ਖੂਬ ਦਾਦ ਹਾਸਲ ਕੀਤੀ।
ਉਪਰੰਤ ਕਵੀਆਂ ਵੱਲੋਂ ਸੁਰੀਲੀ ਸ਼ਾਮ ਨੂੰ ਅੱਗੇ ਤੋਰਿਆ ਅਤੇ ਪੰਜਾਬੀ ਗ਼ਜ਼ਲ ਦੇ ਵੱਖ ਵੱਖ ਰੰਗ ਪੇਸ਼ ਕਰਦਿਆਂ ਅਜੋਕੀ ਪੰਜਾਬੀ ਗ਼ਜ਼ਲ ਦੇ ਦਰਸ਼ਨ ਕਰਵਾਏ। ਇਸ ਦੀ ਸ਼ੁਰੂਆਤ ਨਰਿੰਦਰ ਭਾਗੀ ਨੇ ਤਰੰਨੁਮ ਵਿਚ ਦੋ ਗ਼ਜ਼ਲਾਂ ਗਾ ਕੇ ਕੀਤੀ। ਫਿਰ ਜਸਵਿੰਦਰ, ਕੁਲਵਿੰਦਰ, ਕ੍ਰਿਸ਼ਨ ਭਨੋਟ, ਦਸਮੇਸ਼ ਗਿੱਲ ਫਿਰੋਜ਼, ਹਰਦਮ ਮਾਨ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਬਲਦੇਵ ਸੀਹਰਾ, ਡਾ. ਰਣਦੀਪ ਮਲਹੋਤਰਾ ਅਤੇ ਬਿੰਦੂ ਮਠਾੜੂ ਨੇ ਆਪੋ ਆਪਣੇ ਖੂਬਸੂਰਤ ਕਲਾਮ ਨਾਲ ਦਿਲਕਸ਼ ਕਾਵਿਕ ਮਾਹੌਲ ਸਿਰਜਿਆ। ਪ੍ਰੋਗਰਾਮ ਦੀ ਖੂਬਸੂਰਤੀ ਇਹ ਰਹੀ ਕਿ ਸਰੋਤਿਆਂ ਨੇ ਲੱਗਭੱਗ ਪੰਜ ਘੰਟੇ ਚੱਲੇ ਗਾਇਨ ਅਤੇ ਸ਼ਾਇਰੀ ਦੇ ਪ੍ਰਵਾਹ ਵਿਚ ਖੂਬ ਤਾਰੀਆਂ ਲਾਈਆਂ ਅਤੇ ਗੰਭੀਰ ਸ਼ਾਇਰੀ ਨੂੰ ਵੀ ਤਾੜੀਆਂ ਨਾਲ ਪਿਆਰ ਸਤਿਕਾਰ ਦਿੱਤਾ। ਸ਼ਾਇਰੀ ਦੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਮੀਰਾ ਗਿੱਲ ਨੇ ਆਪਣੀ ਪਿਆਰੀ ਆਵਾਜ਼ ਅਤੇ ਦਿਲਕਸ਼ ਅੰਦਾਜ਼ ਨਾਲ ਸ਼ਾਇਰਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਅਤੇ ਉਨ੍ਹਾਂ ਦੀ ਆਪਸੀ ਸਾਂਝ ਨੂੰ ਦਿਲਚਸਪ ਬਣਾਈ ਰੱਖਿਆ।.
ਜਸਵਿੰਦਰ
ਕੁਲਵਿੰਦਰ
ਰਾਜਵੰਤ ਰਾਜ
ਦਸ਼ਮੇਸ਼ ਗਿੱਲ ਫਿਰੋਜ਼
ਪ੍ਰੀਤ ਮਨਪ੍ਰੀਤ
ਗੁਰਮੀਤ ਸਿੱਧੂ
ਬਿੰਦੂ ਮਠਾੜੂ
ਗੌਤਮ
ਬਲਦੇਵ ਸੀਹਰਾ
ਭੁਪਿੰਦਰ ਮੱਲ੍ਹੀ
ਕ੍ਰਿਸ਼ਨ ਭਨੋਟ
ਹਰਦਮ ਮਾਨ
ਮੀਰਾ ਗਿੱਲ
ਨਰਿੰਦਰ ਭਾਗੀ