ਵੈਨਕੁਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਸ਼ਾਇਰ ਬਲਦੇਵ ਸੀਹਰਾ ਦੇ ਗ਼ਜ਼ਲ ਸੰਗ੍ਰਹਿ ‘ਖ਼ਾਲੀ ਬੇੜੀਆਂ’ ਲੋਕ ਅਰਪਣ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਜਰਨੈਲ ਸਿੰਘ ਸੇਖਾ, ਗ਼ਜ਼ਲਗੋ ਜਸਵਿੰਦਰ ਅਤੇ ਸ਼ਾਇਰ ਬਲਦੇਵ ਸੀਹਰਾ ਨੇ ਕੀਤੀ।
ਮੰਚ ਸੰਚਾਲਨ ਕਰਦਿਆਂ ਸ਼ਾਇਰ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਸਮੁੱਚੇ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਵੈਨਕੁਵਰ ਵਿਚਾਰ ਮੰਚ ਦੇ ਬੁਲਾਰੇ ਅਤੇ ਆਰਟਿਸਟ ਜਰਨੈਲ ਸਿੰਘ ਨੇ ਵੈਨਕੁਵਰ ਮੰਚ ਦੀ ਸਥਾਪਤੀ, ਇਸ ਦੇ ਉਦੇਸ਼ ਅਤੇ ਕਾਰਜਾਂ ਬਾਰੇ ਚਾਨਣਾ ਪਾਇਆ। ਉਪਰੰਤ ਬਲਰਾਜ ਬਾਸੀ ਨੇ ‘ਖ਼ਾਲੀ ਬੇੜੀਆਂ’ ਪੁਸਤਕ ਵਿੱਚੋਂ ਇੱਕ ਗ਼ਜ਼ਲ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀ- ‘ਅੱਖਾਂ ਦੇ ਸਾਗਰ ਦੇ ਵਿੱਚ ਲੁਕਿਆ ਕੋਈ ਪਾਰਾ ਹੈ, ਅੰਬਰ ਤੋਂ ਜੋ ਟੁੱਟਿਆ ਹੋਇਆ ਮੇਰੀ ਅੱਖ ਦਾ ਤਾਰਾ ਹੈ।’
ਪੁਸਤਕ ‘ਖ਼ਾਲੀ ਬੇੜੀਆਂ’ ਉੱਪਰ ਪ੍ਰਸਿੱਧ ਸ਼ਾਇਰ, ਨਾਵਲਕਾਰ ਅਤੇ ਆਲੋਚਕ ਰਾਜਵੰਤ ਰਾਜ ਨੇ ਆਪਣਾ ਪਰਚਾ ਪੜ੍ਹਿਆ। ਉਨ੍ਹਾਂ ਨੇ ਕਿਹਾ ਕਿ ਬਲਦੇਵ ਸੀਹਰਾ ਦਾ ਇਹ ਚੌਥਾ ਗ਼ਜ਼ਲ ਸੰਗ੍ਰਹਿ ਹੈ ਅਤੇ ਪਹਿਲੇ ਗ਼ਜ਼ਲ ਸੰਗ੍ਰਹਿ ਵਾਂਗ ਹੀ ਇਹ ਵੀ ਮੁਹੱਬਤ ਦੀ ਪਰਿਕਰਮਾ ਕਰਦਾ ਹੈ। ਉਹ ਹਰ ਗ਼ਜ਼ਲ ਵਿੱਚ ਹੀ ਇਸ਼ਕ ਦੀ ਜ਼ਿਆਰਤ ਕਰਦਾ ਨਜ਼ਰ ਆਉਂਦਾ ਹੈ। ਉਸ ਦੇ ਬਹੁਤੇ ਸ਼ਿਅਰ ਤਾਂਘ, ਵਸਲ, ਵਿਛੋੜਾ, ਬੇਵਫ਼ਾਈ, ਮਜਬੂਰੀ ਦੇ ਰੰਗਾਂ ਵਿੱਚ ਰੰਗੇ ਹੋਏ ਹਨ। ਮੁਹੱਬਤ ਤੋਂ ਇਲਾਵਾ ਇਸ ਗ਼ਜ਼ਲ ਸੰਗ੍ਰਹਿ ਵਿੱਚ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨੂੰ ਸ਼ਾਮਲ ਕੀਤਾ ਹੈ। ਅਜੋਕੇ ਸਿਆਸਤਦਾਨਾਂ ਦੇ ਕਿਰਦਾਰ, ਆਪਣੀ ਮਾਤ ਭੂਮੀ ਦਾ ਹੇਰਵਾ, ਕਿਸਾਨੀ ਦੀ ਮੰਦਹਾਲੀ, ਆਮ ਮਨੁੱਖ ਦੀਆਂ ਸਮੱਸਿਆਵਾਂ, ਮਜਬੂਰੀਆਂ, ਧਾਰਮਿਕ ਪਾਖੰਡੀਆਂ ਦੇ ਕਿਰਦਾਰ ਵੀ ਬਲਦੇਵ ਦੀ ਸ਼ਾਇਰੀ ਦਾ ਹਿੱਸਾ ਬਣੇ ਹਨ।
ਜਰਨੈਲ ਸਿੰਘ ਸੇਖਾ ਨੇ ਵੀ ਪੁਸਤਕ ਦੀ ਭੂਮਿਕਾ ਵਿੱਚ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਜਸਵਿੰਦਰ ਅਤੇ ਗੁਰਦਿਆਲ ਰੌਸ਼ਨ ਵੱਲੋਂ ਬਲਦੇਵ ਸੀਹਰਾ ਦੀ ਸ਼ਖ਼ਸੀਅਤ ਅਤੇ ਸ਼ਾਇਰੀ ਬਾਰੇ ਪ੍ਰਗਟ ਕੀਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਵਿਚਾਰਾਂ ਤੋਂ ਬਲਦੇਵ ਸੀਹਰਾ ਦੀ ਹਰਮਨ ਪਿਆਰੀ ਸ਼ਖ਼ਸੀਅਤ ਅਤੇ ਸ਼ਾਇਰੀ ਦੇ ਦਰਸ਼ਨ ਹੋ ਜਾਂਦੇ ਹਨ। ਡਾ. ਹਰਜੋਤ ਕੌਰ ਖਹਿਰਾ ਨੇ ਕਿਹਾ ਕਿ ਸੀਹਰਾ ਨੇ ਆਪਣੀ ਸ਼ਾਇਰੀ ਰਾਹੀਂ ਅਜੋਕੇ ਕਾਰਪੋਰੇਟ ਜਗਤ ਵਿੱਚ ਆਮ ਇਨਸਾਨ ਦੀ ਸੰਵੇਦਨਾ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਕ੍ਰਿਸ਼ਨ ਭਨੋਟ ਅਤੇ ਅਜਮੇਰ ਰੋਡੇ ਨੇ ਗ਼ਜ਼ਲ ਅਤੇ ਕਵਿਤਾ ਬਾਰੇ ਗੰਭੀਰ ਨੁਕਤੇ ਸਾਂਝੇ ਕੀਤੇ ਅਤੇ ਬਲਦੇਵ ਸੀਹਰਾ ਨੂੰ ‘ਖ਼ਾਲੀ ਬੇੜੀਆਂ’ ਲਈ ਮੁਬਾਰਕਬਾਦ ਦਿੱਤੀ।
ਗ਼ਜ਼ਲ ਮੰਚ ਦੇ ਸ਼ਾਇਰਾਂ ਦਸਮੇਸ਼ ਗਿੱਲ ਫਿਰੋਜ਼, ਦਵਿੰਦਰ ਗੌਤਮ, ਗੁਰਮੀਤ ਸਿੰਘ ਸਿੱਧੂ, ਪ੍ਰੀਤ ਮਨਪ੍ਰੀਤ ਅਤੇ ਬਿੰਦੂ ਮਠਾੜੂ ਨੇ ਬਲਦੇਵ ਸੀਹਰਾ ਦੀ ਸ਼ਾਇਰੀ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲਬਾਤ ਕੀਤੀ। ਗੁਲਾਟੀ ਪਬਲਿਸ਼ਰਜ਼ ਸਰੀ ਦੇ ਸੰਚਾਲਕ ਅਤੇ ਸ਼ਾਇਰ ਸਤੀਸ਼ ਗੁਲਾਟੀ, ਸ਼ਾਇਰ ਇੰਦਰਜੀਤ ਧਾਮੀ, ਜਸਵੀਰ ਭਲੂਰੀਆ, ਖੁਸ਼ਹਾਲ ਗਲੋਟੀ ਨੇ ਵੀ ਬਲਦੇਵ ਸੀਹਰਾ ਨੂੰ ਇਸ ਗ਼ਜ਼ਲ ਸੰਗ੍ਰਹਿ ਲਈ ਵਧਾਈ ਦਿੱਤੀ।
ਬਲਦੇਵ ਸੀਹਰਾ ਨੇ ਇਸ ਪੁਸਤਕ ਲਈ ਸਹਿਯੋਗ ਦੇਣ ਵਾਲੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ, ਜਸਵਿੰਦਰ, ਰਾਜਵੰਤ ਰਾਜ ਅਤੇ ਗੁਰਦਿਆਲ ਰੌਸ਼ਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਆਪਣੇ ਸਾਹਿਤਕ ਅਤੇ ਸਮਾਜਿਕ ਜੀਵਨ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਆਪਣੇ ਚੋਣਵੇਂ ਸ਼ਿਅਰ ਅਤੇ ਕੁਝ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਅੰਤ ਵਿੱਚ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਸ਼ਾਇਰ ਜਸਵਿੰਦਰ ਨੇ ਪੁਸਤਕ ਉੱਪਰ ਹੋਈ ਸਮੁੱਚੀ ਵਿਚਾਰ ਚਰਚਾ ਨੂੰ ਬਹੁਤ ਸਾਰਥਿਕ ਦੱਸਿਆ। ‘ਖ਼ਾਲੀ ਬੇੜੀਆਂ’ ਨੂੰ ਬਹੁਤ ਹੀ ਖੂਬਸੂਰਤ ਸ਼ਾਇਰੀ ਦਾ ਗੁਲਦਸਤਾ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਮੁਹੱਬਤ ਦੇ ਨਾਲ ਨਾਲ ਚਿੰਤਨ ਵੀ ਕਾਫ਼ੀ ਹੈ ਜੋ ਕਿ ਸੀਹਰਾ ਦੇ ਇੱਕ ਪ੍ਰੋਢ ਸ਼ਾਇਰ ਹੋਣ ਦਾ ਪ੍ਰਮਾਣ ਹੈ। ਬਲਦੇਵ ਸੀਹਰਾ ਦਾ ਵਿਸ਼ਾਲ ਸ਼ਾਬਦਿਕ ਭੰਡਾਰ, ਜ਼ਿੰਦਗੀ ਦਾ ਵਸੀਹ ਗਿਆਨ ਅਤੇ ਤਜਰਬਾ ਉਸ ਦੇ ਸ਼ਿਅਰਾਂ ਵਿੱਚ ਰੂਪਮਾਨ ਹੋਇਆ ਹੈ। ਇਹ ਸੱਚਮੁੱਚ ਪੜ੍ਹਨਯੋਗ ਅਤੇ ਮਾਣਨਯੋਗ ਕਿਤਾਬ ਹੈ। ਗ਼ਜ਼ਲ ਰਚਨਾ ਬਾਰੇ ਉੱਠੇ ਕੁਝ ਨੁਕਤਿਆਂ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਾਇਰ ਨੂੰ ਜਿਸ ਬਹਿਰ ਵਿੱਚ ਜ਼ਿਆਦਾ ਸੌਖ ਹੋਵੇ, ਉਹ ਸਹਿਜ ਮਹਿਸੂਸ ਕਰੇ, ਉਸੇ ਬਹਿਰ ਵਿੱਚ ਹੀ ਆਪਣੀ ਗੱਲ ਕਹਿਣੀ ਚਾਹੀਦੀ ਹੈ। ਕਿਸੇ ਔਖੀ ਬਹਿਰ ਵਿੱਚ ਜਾਂ ਫ਼ਾਰਸੀ ਦੀ ਬਹਿਰ ਲੈ ਕੇ ਕਿਸੇ ਚੌਖਟੇ ਵਿੱਚ ਆਪਣੇ ਵਿਚਾਰ ਫਿੱਟ ਕਰਨੇ ਕੋਈ ਸ਼ਾਇਰੀ ਨਹੀਂ ਹੋ ਸਕਦੀ, ਸ਼ਾਇਰੀ ਤਾਂ ਅੰਦਰੋਂ ਉਪਜੀ ਸੰਵੇਦਨਾ ਹੁੰਦੀ ਹੈ ਅਤੇ ਕਿਸੇ ਵੀ ਬਹਿਰ ਵਿੱਚ ਆ ਸਕਦੀ ਹੈ। ਜੇ ਕੋਈ ਕਹਿੰਦਾ ਹੈ ਕਿ ਥੋੜ੍ਹੀਆਂ ਬਹਿਰਾਂ ਵਰਤਣ ਕਰਕੇ ਵਿਚਾਰਾਂ ਦਾ ਦੁਹਰਾਓ ਹੋ ਜਾਂਦਾ ਹੈ, ਇਹ ਵੀ ਸਹੀ ਨਹੀਂ ਹੈ।
ਇਸ ਮੌਕੇ ‘ਖ਼ਾਲੀ ਬੇੜੀਆਂ’ ਪੁਸਤਕ ਰਿਲੀਜ਼ ਕੀਤੀ ਗਈ। ਸਮਾਗਮ ਵਿੱਚ ਅਮਨ ਸੀ. ਸਿੰਘ, ਡਾ. ਚਰਨਜੀਤ ਸਿੰਘ, ਸ਼ਾਇਰ ਮਹਿੰਦਰਪਾਲ ਪਾਲ, ਮੋਹਨ ਬੱਚੜਾ, ਸੁਖਜੀਤ ਕੌਰ, ਕਾਮਰੇਡ ਨਵਰੂਪ ਸਿੰਘ, ਬਲਦੇਵ ਸੀਹਰਾ ਦੀ ਸੁਪਤਨੀ ਰਵਿੰਦਰ ਸੀਹਰਾ ਵੀ ਸ਼ਾਮਲ ਸਨ।