ਸਰੀ, 15 ਸਤੰਬਰ, 2023: ਇੱਥੋਂ ਦੇ ਸਿੱਧੂ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਵਿਆਹ ਮੌਕੇ ਆਪਣੇ ਵਿਹੜੇ ਵਿਚ ਸਥਾਨਕ ਕਵੀਆਂ ਦੀ ਮਹਿਫ਼ਿਲ ਸਜਾ ਕੇ ਨਿਵੇਕਲਾ ਕਾਰਜ ਕੀਤਾ ਗਿਆ। ਸਾਹਿਤਕਾਰ ਅਜੈਬ ਸਿੰਘ ਸਿੱਧੂ ਦੇ ਬੇਟੇ ਅਤੇ ਸ਼ਾਇਰ ਗੁਰਮੀਤ ਸਿੰਘ ਸਿੱਧੂ ਦੇ ਭਤੀਜੇ ਮਨਵੀਰ ਸਿੰਘ ਸਿੱਧੂ ਦੇ ਵਿਆਹ ਦੀ ਰੌਣਕ ਵਿਚ ਸਥਾਨਕ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਹੁਤ ਹੀ ਖੁਸ਼ਗਵਾਰ ਮਾਹੌਲ ਸਿਰਜਿਆ।
ਇਸ ਸੁਰਮਈ ਸ਼ਾਮ ਦਾ ਆਗਾਜ਼ ਗੁਰਮੀਤ ਸਿੰਘ ਸਿੱਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਫਿਰ ਸਟੇਜ ਸੰਚਾਲਕ ਅਤੇ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਰਾਜਵੰਤ ਰਾਜ ਨੇ ਇੰਦਰਜੀਤ ਧਾਮੀ ਦੇ ਕਲਾਮ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਕਾਵਿ ਮਹਿਫ਼ਿਲ ਵਿਚ ਉਸਤਾਦ ਕ੍ਰਿਸ਼ਨ ਭਨੋਟ, ਡਾ. ਗੋਪਾਲ ਸਿੰਘ ਬੁੱਟਰ, ਪਲਵਿੰਦਰ ਰੰਧਾਵਾ, ਮੋਹਨ ਗਿੱਲ, ਕਵਿੰਦਰ ਚਾਂਦ, ਬਿੰਦੂ ਮਠਾੜੂ, ਦਰਸ਼ਨ ਸੰਘਾ, ਹਰਦਮ ਮਾਨ, ਦਵਿੰਦਰ ਗੌਤਮ, ਸੁਖਜੀਤ, ਦਸ਼ਮੇਸ਼ ਗਿੱਲ ਫਿਰੋਜ਼, ਮੇਜਰ ਸਿੰਘ ਰੰਧਾਵਾ, ਪ੍ਰੀਤ ਮਨਪ੍ਰੀਤ, ਸੁਖਵਿੰਦਰ ਚੋਹਲਾ, ਸੁਰਜੀਤ ਮਾਧੋਪੁਰੀ, ਰਾਜਵੰਤ ਰਾਜ, ਜਸਵਿੰਦਰ ਅਤੇ ਗੁਰਮੀਤ ਸਿੰਘ ਸਿੱਧੂ ਨੇ ਆਪੋ ਆਪਣੇ ਕਾਵਿ-ਰੰਗਾਂ ਨਾਲ ਮਹਿਫ਼ਿਲ ਨੂੰ ਸ਼ਿੰਗਾਰਿਆ। ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਅਤੇ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸਿੱਧੂ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਸਿੱਧੂ ਭਰਾਵਾਂ ਨੇ ਕਵੀ ਦਰਬਾਰ ਕਰਵਾ ਕੇ ਇਕ ਨਿਵੇਕਲੀ ਅਤੇ ਸ਼ਲਾਘਾਯੋਗ ਪਿਰਤ ਪਾਈ ਹੈ। ਅੰਤ ਵਿਚ ਅਜੈਬ ਸਿੰਘ ਸਿੱਧੂ ਨੇ ਸਾਰੇ ਕਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀ ਖੁਸ਼ਨਸੀਬੀ ਹੈ ਕਿ ਪਿਆਰੇ ਸ਼ਾਇਰਾਂ ਨੇ ਸਾਡੇ ਵਿਹੜੇ ‘ਚ ਪੈਰ ਪਾ ਕੇ ਵਿਆਹ ਦੀ ਖੁਸ਼ੀ ਨੂੰ ਦੂਣ ਸਵਾਇਆ ਕੀਤਾ ਹੈ।