ਭੁਪਿੰਦਰ ਮੱਲ੍ਹੀ - ਗੰਭੀਰ ਚਿੰਤਕ
ਸੇਵਾਦਾਰ, ਸਾਊਥ ਏਸ਼ੀਅਨ ਰਿਵਿਊ- ਪ੍ਰਿੰਸ ਜੌਰਜ ਬੀ. ਸੀ / ਜੀਵੇ ਪੰਜਾਬ ਅਦਬੀ ਸੰਗਤ ਸਰੀ ਬੀ.ਸੀ ਕੈਨੇਡਾ
'ਗ਼ਜ਼ਲ ਮੰਚ ਸਰੀ- ਇਕ ਉੱਭਰਦੀ ਸੰਸਥਾ'
ਪਿਛਲੇ ਸੱਤ ਸਾਲਾਂ ਵਿੱਚ, ਇੱਕ ਮੋਹਰੀ ਸੰਸਥਾ 'ਗਜ਼ਲ ਮੰਚ ਸਰੀ' ਜ਼ੋਰਦਾਰ ਢੰਗ ਨਾਲ ਉਭਰੀ ਹੈ, ਜਿਸ ਨੇ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਨਵਾਂ ਦ੍ਰਿਸ਼ਟੀਕੋਣ ਅਤੇ ਉਤਸ਼ਾਹ ਭਰਿਆ ਹੈ। ਇਹ ਸੰਸਥਾ ,ਪੰਜਾਬੀ ਸਾਹਿਤਕ ਮਾਹੌਲ ਵਿਚ ਤਾਜ਼ਗੀ ਲਿਆਉਣ, ਨਵੇਂ ਵਿਚਾਰਾਂ ਦੀ ਸ਼ੁਰੂਆਤ ਕਰਨ ਅਤੇ ਸਾਹਿਤਕ ਪ੍ਰਵਚਨ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਸਰੀ-ਵੈਨਕੂਵਰ ਇਲਾਕੇ ਵਿਚ, ਪੰਜਾਬੀ ਵਸੇਬੇ ਦੀ ਅਮੀਰ ਸੱਭਿਆਚਾਰਕ ਅਤੇ ਸਦੀਵੀ ਵਿਰਾਸਤ ਲੱਗਭਗ ਇਕ ਸੌ ਵੀਹ ਵਰਿਆਂ ਤੋਂ ਵਧ ਫੁਲ ਰਹੀ ਹੈ। ਇਹ ਖੇਤਰ ਇੱਕ ਜੀਵੰਤ ਕਰਮਭੂਮੀ ਬਣ ਗਿਆ ਹੈ, ਜਿੱਥੇ ਪੰਜਾਬੀ ਭਾਈਚਾਰੇ ਨੇ ਸਾਹਿਤ, ਰਾਜਨੀਤੀ , ਖੇਡਾਂ ਅਤੇ ਸੇਵਾਵਾਂ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਯੋਗਦਾਨ ਨੇ ਨਾ ਸਿਰਫ਼ ਸਥਾਨਕ ਸੱਭਿਆਚਾਰਕ ਦ੍ਰਿਸ਼ ਨੂੰ ਅਮੀਰ ਬਣਾਇਆ ਹੈ ਸਗੋਂ ਪੰਜਾਬੀ ਵਿਰਸੇ ਅਤੇ ਪਰੰਪਰਾਵਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਾਹਿਤ ਦੇ ਖੇਤਰ ਵਿੱਚ, ਖਾਸ ਕਰਕੇ, ਰਚਨਾਤਮਕਤਾ ਅਤੇ ਨਵੀਨਤਾ ਵਿੱਚ ਇੱਕ ਸ਼ਾਨਦਾਰ ਵਾਧਾ ਹੋਇਆ ਹੈ।
ਇਸ ਸੱਭਿਆਚਾਰਕ ਪੁਨਰ-ਜਾਗਰਣ ਵਿੱਚ , ਪੰਜਾਬੀ ਗ਼ਜ਼ਲ ਦੇ ਵਿਕਾਸ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪਿਛਲੇ ਕੁਝ ਵਰਿਆਂ ਵਿਚ ਹੋਏ ਸਾਲਾਨਾ ਸਮਾਗਮਾਂ ਦੀ ਬੇਮਿਸਾਲ ਕਾਮਯਾਬੀ ,ਪੰਜਾਬੀ ਗ਼ਜ਼ਲ ਲਈ ਇੱਕ ਇਤਿਹਾਸਕ ਘਟਨਾ ਹੋ ਸਕਦੀ ਹੈ । ਇਹਨਾਂ ਸਮਾਗਮਾਂ ਵਿਚ ਪੰਜਾਬੀ ਸ਼ਾਇਰਾਂ ਨੇ ਸੈਕੜਿਆਂ ਦੀ ਤਾਦਾਦ ਵਿਚ ਸਰੋਤਿਆਂ ਨੂੰ ਕਈ ਘੰਟੇ ਉਚ ਪਾਏ ਦੀ ਸ਼ਾਇਰੀ ਨਾਲ ਜੋੜੀ ਰੱਖਿਆ । ਇਸ ਸਮਾਗਮ ਨੇ ਨਾ ਸਿਰਫ਼ ਗ਼ਜ਼ਲ ਕਾਵਿ ਰੂਪ ਦਾ ਜਲਵਾ ਦਿਖਾਇਆ ਸਗੋਂ ਸਮਕਾਲੀ ਪੰਜਾਬੀ ਕਵਿਤਾ ਦੀ ਗਹਿਰਾਈ ਅਤੇ ਬੁਲੰਦੀ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਵਜੋਂ ਵੀ ਕੰਮ ਕੀਤਾ।
ਗ਼ਜ਼ਲ ਮੰਚ ਸਰੀ ਪੰਜਾਬੀ ਸਾਹਿਤਕ ਖੇਤਰ ਵਿੱਚ ਤੇਜ਼ੀ ਨਾਲ ਨਵੀਂ ਸ਼ਾਇਰੀ ਦਾ ਕੇਂਦਰ ਬਣ ਗਿਆ ਹੈ। ਪੰਜਾਬੀ ਸਾਹਿਤ ਦੀ ਅਮੀਰੀ ਨੂੰ ਵਧਾਉਣ ਵਿੱਚ ਇਸ ਦਾ ਯੋਗਦਾਨ ਬਹੁਤ ਅਹਿਮ ਹੈ। ਉੱਚ-ਗੁਣਵੱਤਾ ਵਾਲੀ ਕਾਵਿ ਰਚਨਾ ਆਮ ਸਰੋਤਿਆਂ ਤੱਕ ਲੈ ਕੇ ਜਾਣੀ ਇਸ ਸੰਸਥਾ ਦਾ ਉਦੇਸ਼ ਹੈ।
ਗ਼ਜ਼ਲ ਮੰਚ ਅਤੇ ਇਸ ਦੇ ਮੈਂਬਰਾਂ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਹਨ। । ਇਹਨਾਂ ਦਾ ਕਾਰਜ ਪੰਜਾਬੀ ਸ਼ਾਇਰੀ ਜਿਹੀ ਕਲਾ ਵਿੱਚ ਨਿਰੰਤਰ ਵਿਕਾਸ ਕਰਨ ਲਈ ਚਾਨਣ ਮੁਨਾਰੇ ਵਾਂਗ ਹੈ।
ਡਾ: ਸਾਹਿਬ ਸਿੰਘ- ਨਾਟਕਕਾਰ, ਨਿਰਦੇਸ਼ਕ, ਅਦਾਕਾਰ
'ਮਹਿਕਦਾ ਬੂਟਾ-ਗ਼ਜ਼ਲ ਮੰਚ ਸਰੀ'
ਗ਼ਜ਼ਲ ਮੰਚ ਸਰੀ ਗ਼ਜ਼ਲ ਦੇ ਵਿਹੜੇ ਵਿਚ ਉਗਿਆ ਇਕ ਐਸਾ ਰੁੱਖ ਹੈ ਜੋ ਸੂਖ਼ਮ ਕੂਲ਼ੇ ਪੱਤਿਆਂ ਵਰਗੀ ਤਾਜ਼ਗੀ ਵੀ ਬਰਕਰਾਰ ਰੱਖ ਰਿਹਾ ਹੈ, ਮਨੁੱਖੀ ਜਜ਼ਬਿਆਂ ਦੀ ਪੇਚੀਦਗੀ ਨੂੰ ਪੇਸ਼ ਕਰਦਿਆਂ ਸੰਘਣੀ ਛਾਂ ਵੀ ਬਣ ਰਿਹਾ ਹੈ, ਖੂਬਸੂਰਤ ਖਿਆਲਾਂ ਨੂੰ ਉਭਾਰ ਕੇ ਚੌਗਿਰਦੇ ਨੂੰ ਖੁਸ਼ਨੁਮਾ ਬਣਾਉਣ ਦਾ ਕਾਰਜ ਵੀ ਕਰ ਰਿਹਾ ਹੈ,ਨਿੱਤ ਫੈਲਦੇ ਰੁੱਖ ਵਾਂਗ ਅੰਬਰੀਂ ਪੀਂਘ ਪਾਉਣ ਦੇ ਸੁਪਨੇ ਬੀਜਦਾ ਹੈ ਤੇ ਆਪਣੀਆਂ ਜੜ੍ਹਾਂ ਨੂੰ ਮਿੱਟੀ ਨਾਲ ਨਾਤਾ ਜੋੜੀ ਰੱਖਣ ਲਈ ਸਵੱਛ ਜਲ ਵੀ ਛਿੜਕਦਾ ਰਹਿੰਦਾ ਹੈ। ਸਰੀ ਸ਼ਹਿਰ ਦੀ ਸਾਹਿਤਕ ਫ਼ਿਜ਼ਾ ਵਿਚ ਗ਼ਜ਼ਲ ਮੰਚ ਸਰੀ ਦਾ ਬੁਲੰਦ ਰੁਤਬਾ ਕਿਸੇ ਵੀ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲ਼ੇ ਇਨਸਾਨ ਲਈ ਮਾਣ ਵਾਲ਼ੀ ਗੱਲ ਹੈ।
ਗ਼ਜ਼ਲ ਜਿਹੀ ਸੂਖ਼ਮ ਵਿਧਾ ਨੂੰ ਸੰਭਾਲਣਾ, ਲੋਕਾਂ ਵਿਚ ਇਸਦੀ ਪਹਿਚਾਣ ਬਣਾਈ ਰੱਖਣਾ ਤੇ ਨਿਰੋਲ ਗ਼ਜ਼ਲ ਨਾਲ ਸੰਬੰਧਿਤ ਸਰਗਰਮੀਆਂ ਜਾਰੀ ਰੱਖਣਾ ਅੱਜ ਦੇ ਮੁਕਾਬਲਤਨ ਕਠੋਰ ਤੇ ਸਥੂਲਤਾ 'ਚ ਜੀ ਰਹੇ ਯੁੱਗ ਵਿਚ ਸੌਖਾ ਕਾਰਜ ਨਹੀਂ ਹੈ।ਪੁਰਾਤਨ ਸਮਿਆਂ ਤੋਂ ਗ਼ਜ਼ਲ ਜੜ੍ਹ ਪਰੰਪਰਾਵਾਂ ਨੂੰ ਵੰਗਾਰਦੀ ਰਹੀ ਹੈ,ਸ਼ਾਇਦ ਏਸੇ ਲਈ ਸ਼ਾਇਰ ਮੁਹੱਬਤ ਦਾ ਵੇਗਮੱਤਾ ਪ੍ਰਗਟਾਵਾ ਆਪਣੀਆਂ ਗ਼ਜ਼ਲਾਂ ਵਿਚ ਕਰਦੇ ਸੀ..ਅੱਜ ਚੁਣੌਤੀਆਂ ਬਦਲ ਗਈਆਂ ਹਨ ਤੇ ਸਾਡਾ ਅਜੋਕਾ ਗ਼ਜ਼ਲਗੋ ਉਹਨਾਂ ਨੂੰ ਕਬੂਲ ਕਰਦਿਆਂ ਆਧੁਨਿਕ ਸੰਵੇਦਨਾ ਦੀ ਪੇਸ਼ਕਾਰੀ ਕਰ ਰਿਹਾ ਹੈ। ਗ਼ਜ਼ਲ ਮੰਚ ਸਰੀ ਨਾਲ ਜੁੜੇ ਸਾਰੇ ਸ਼ਾਇਰਾਂ ਦੇ ਕਲਾਮ ਮੈਂ ਜਦੋਂ ਵੀ ਸੁਣਦਾ ਹਾਂ ਤਾਂ ਭਰਪੂਰ ਤਸੱਲੀ ਦੇ ਅਹਿਸਾਸ 'ਚੋਂ ਗੁਜ਼ਰਦਾ ਹਾਂ ਕਿ ਇਸ ਪੱਖੋਂ ਉਹ ਸੁਚੇਤ ਹੋ ਕੇ ਮਨੁੱਖਤਾ ਦੇ ਭਲੇ ਦੀ ਬਾਤ ਪਾਉਂਦੇ ਹਨ ਤੇ ਅੰਦਰ ਬਾਹਰ ਮੌਜੂਦ ਹੈਵਾਨੀ ਤੱਤ ਨੂੰ ਬੇਨਕਾਬ ਕਰਦੇ ਹਨ। ਸਿਹਤਮੰਦ ਤੇ ਨਿਆਂਸ਼ੀਲ ਸਮਾਜ ਦੀ ਸਿਰਜਣਾ ਵਿਚ ਸ਼ਾਇਰੀ ਦੀ ਭੂਮਿਕਾ ਬਹੁਤ ਸੂਖ਼ਮ ਪਰ ਮਹੱਤਵਪੂਰਣ ਹੈ,ਗ਼ਜ਼ਲ ਮੰਚ ਸਰੀ ਇਹ ਭੂਮਿਕਾ ਨਿਭਾ ਰਿਹਾ ਹੈ।
ਗ਼ਜ਼ਲ ਪੇਸ਼ਕਾਰਾਂ ਨੂੰ ਇਕ ਥਾਂ ਸੱਦ ਕੇ ਵਿਸ਼ਾਲ ਕਵੀ ਦਰਬਾਰ ਰਚਾਉਣੇ, ਗ਼ਜ਼ਲ ਨਾਲ ਸੰਬੰਧਿਤ ਵਿਚਾਰ ਵਟਾਂਦਰੇ ਆਯੋਜਿਤ ਕਰਨੇ, ਹਿੰਦੁਸਤਾਨ ਤੇ ਪਾਕਿਸਤਾਨ ਵਸਦੇ ਕਵੀਆਂ ਨਾਲ ਰਾਬਤਾ ਕਾਇਮ ਕਰਨਾ, ਰੂਬਰੂ ਸਮਾਗਮ ਰਚਾਉਣੇ,ਗ਼ਜ਼ਲ ਦੀਆਂ ਕਿਤਾਬਾਂ ਨਾਲ ਸੰਬੰਧਿਤ ਖੋਜ ਪੱਤਰ ਲਿਖਣੇ ਲਿਖਵਾਉਣੇ,ਗ਼ਜ਼ਲ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਨੀਆਂ ਤੇ ਬਾਕਾਇਦਾ ਇਕ ਦਫ਼ਤਰ ਵਿਚ ਇਹਨਾਂ ਸਰਗਰਮੀਆਂ ਦਾ ਇਤਿਹਾਸ ਸਾਂਭਦਿਆਂ ਭਵਿੱਖ ਦੇ ਕਾਰਜ ਉਲੀਕਣੇ ਗ਼ਜ਼ਲ ਮੰਚ ਸਰੀ ਦੀ ਵਿਸ਼ਾਲ ਕਾਰਜ ਸੂਚੀ ਦੀ ਕੁੱਝ ਝਲਕ ਮਾਤਰ ਹਨ। ਮੈਂ ਦੁਆ ਕਰਦਾ ਹਾਂ ਕਿ ਇਹ ਮੰਚ ਹੋਰ ਵਧੇ ਫੁੱਲੇ, ਹੋਰ ਸਾਹਿਤਕਾਰਾਂ ਨੂੰ ਆਪਣੇ ਕਲ਼ਾਵੇ ਵਿਚ ਲਵੇ, ਕਲਾ ਦੇ ਪ੍ਰਚਾਰ ਪਾਸਾਰ ਵਿਚ ਵਡੇਰਾ ਯੋਗਦਾਨ ਪਾਵੇ ਤੇ ਪੰਜਾਬੀ ਅਦਬ ਦਾ ਨਾਮ ਬੁਲੰਦ ਕਰੇ।
ਗੁਰਦਿਆਲ ਰੌਸ਼ਨ- ਗ਼ਜ਼ਲ ਉਸਤਾਦ
ਮੈਂ ਪੰਜਾਬੀ ਗ਼ਜ਼ਲ ਦੀ ਮੁੱਢਲੀ ਅਵਸਥਾ ਦਾ ਦੌਰ ਨੇੜਿਓਂ ਦੇਖਿਆ ਹੈ ’ਤੇ ਅਜੋਕੇ ਦੌਰ ਵਿਚ ਪੰਜਾਬੀ ਗ਼ਜ਼ਲ ਦੀ ਚੜ੍ਹਤ ਵੀ ਦੇਖ ਰਿਹਾ ਹਾਂ। ਪੰਜਾਬੀ ਗ਼ਜ਼ਲ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਸਾਡੇ ਪੁਰਾਣੇ ਤੇ ਨਵੇਂ ਗ਼ਜ਼ਲਕਾਰ ਬਰਾਬਰ ਵਧਾਈ ਦੇ ਹੱਕਦਾਰ ਹਨ। ਗ਼ਜ਼ਲ ਦੀ ਬਿਹਤਰੀ ਲਈ ਬਣੀਆਂ ਸੰਸਥਾਵਾਂ ਦਾ ਵੀ ਇਸ ਵਿਚ ਅਹਿਮ ਯੋਗਦਾਨ ਰਿਹਾ ਹੈ। ਕੈਨੇਡਾ, ਜਿੱਥੇ ਕਿਸੇ ਕੋਲ ਫ਼ਾਲਤੂ ਵਕਤ ਨਹੀਂ ਹੈ, ਵਿਚ ਗ਼ਜ਼ਲ ਬਾਰੇ ਸੋਚਣਾ ਵੀ ਕਠਨ ਹੈ ਪਰ ਇਸ ਦੇ ਸ਼ਹਿਰ ਸਰੀ ਵਿਖੇ ਪਰਪੱਕ ਗ਼ਜ਼ਲਕਾਰਾਂ ਦੁਆਰਾ ਗਠਿਤ ‘‘ਗ਼ਜ਼ਲ ਮੰਚ ਸਰੀ’’ ਮੇਰੇ ਲਈ ਸੱਚਮੁੱਚ ਅਜੂਬਾ ਹੈ। ਬਿਹਤਰ ਗ਼ਜ਼ਲਕਾਰਾਂ ਦੀ ਏਨੀ ਵੱਡੀ ਗਿਣਤੀ ਵਿਸ਼ਵ ਦੀ ਕਿਸੇ ਹੋਰ ਸੰਸਥਾ ਵਿਚ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਇਹ ਸਾਰੇ ਸਾਊ ਤੇ ਮਿਲਣਸਾਰ ਹਨ। ਖ਼ੁਸ਼ੀ ਹੋਈ ਕਿ ਇਸ ਸੰਸਥਾ ਨੇ ਮੈਨੂੰ ਬੁਲਾ ਕੇ ਆਪਣੇ ਵਿਚ ਬੈਠਣ ਦਾ ਮੌਕਾ ਦਿੱਤਾ। ਮੇਰੇ ਵੱਲੋਂ ਗ਼ਜ਼ਲ ਮੰਚ ਸਰੀ ਲਈ ਸ਼ੁੱਭ ਕਾਮਨਾਵਾਂ।
ਅਮਨ ਸੀ. ਸਿੰਘ- ਪੰਜਾਬੀ ਕਵਿਤਰੀ
ਗ਼ਜ਼ਲ ਮੰਚ ਸਰੀ, ਸਿਰਫ਼ ਮੰਚ ਹੀ ਨਹੀਂ ਸਗੋਂ ਸਿਰਜਣਾਤਮਕ ਅਤੇ ਗੰਭੀਰ ਅਧਿਐਨ ਰੁਚੀਆਂ ਦਾ ਜਾਗ ਲਾਉਂਦੀ ਇਕ ਸਿਰਮੌਰ ਸੰਸਥਾ ਹੈ ਜਿਸ ਵਿਚ ਪੰਜਾਬੀ ਗ਼ਜ਼ਲ ਦੀ ਪਛਾਣ ਬਣ ਚੁੱਕੇ ਕੈਨੇਡਾ ਦੇ ਸਰੀ ਸ਼ਹਿਰ ਦੇ ਗ਼ਜ਼ਲਗੋ ਸ਼ਾਮਿਲ ਹਨ। ਗ਼ਜ਼ਲ ਮੰਚ ਸਰੀ ਦੇ ਨਿੱਘੇ ਸੱਦੇ ‘ਤੇ ਮੰਚ ਦੇ ਵਿਹੜੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ।ਸਾਹਿਤਕ ਮਿਲਣੀ ਦੌਰਾਨ ਸ਼ਾਇਰਾਂ ਨੂੰ ਸੁਣਨਾ, ਮਿਲਣਾ, ਜਾਣਨਾ ਅਤੇ ਸਾਰਥਕ ਵਿਚਾਰ ਚਰਚਾ ਸੱਚਮੁੱਚ ਹੀ ਇਕ ਭਰਪੂਰ ਅਨੁਭਵ ਰਿਹਾ। ਮੰਚ ਦੁਆਰਾ ਆਯੋਜਿਤ ਕੀਤੇ ਜਾ ਰਹੇ ਸਮਾਗਮ ਅਤੇ ਪ੍ਰੋਗਰਾਮ ਗ਼ਜ਼ਲ ਦੇ ਅਮੀਰ ਇਤਿਹਾਸ ਅਤੇ ਸੱਭਿਆਚਾਰ ਨੂੰ ਸਮਝਣ ਅਤੇ ਪ੍ਰਫੁੱਲਿਤ ਕਰਨ ਵਿਚ ਨਵੇਂ ਮਿਆਰ ਸਥਾਪਤ ਕਰ ਰਹੇ ਹਨ।
ਦਰਸ਼ਨ ਬੁੱਟਰ- ਨਾਮਵਰ ਪੰਜਾਬੀ ਕਵੀ
(ਪ੍ਰਧਾਨ- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਭਾਰਤ)
ਗ਼ਜ਼ਲ ਮੰਚ ਸਰੀ (ਕਨੇਡਾ),ਨੇ ਬਹੁਤ ਥੋੜੇ ਸਮੇਂ ਵਿਚ ਪੰਜਾਬੀ ਗ਼ਜ਼ਲ ਖੇਤਰ ਵਿਚ ਵੱਡਾ ਸਥਾਨ ਬਣਾ ਲਿਆ ਹੈ।ਮੰਚ ਨੇ ਸਰੀ ਵਿਖੇ ਬੀਤੇ ਸਾਲਾਂ ਵਿਚ ਬੜੇ ਮਹੱਤਵਪੂਰਨ ਸਮਾਗਮ ਰਚਾਏ ਹਨ,ਜਿਹਨਾਂ ਦੀ ਪ੍ਰਸੰਸਾ ਪੰਜਾਬ, ਭਾਰਤ ਵਿਚ ਹੀ ਨਹੀਂ,ਸਾਰੇ ਸੰਸਾਰ ਦੇ ਅਦਬੀ ਹਲਕਿਆਂ ਵਿਚ ਹੋ ਰਹੀ ਹੈ।
ਸੱਚੀ ਗੱਲ ਇਹ ਹੈ ਕਿ ਨਿਰੋਲ ਗ਼ਜ਼ਲ ਨੂੰ ਕੇਂਦਰ ਵਿਚ ਰੱਖ ਕੇ ਅੱਜ ਤੀਕ ਕਨੇਡਾ ਵਿਚ ਕਦੇ ਵੀ ਅਜਿਹੇ ਕਾਰਜ ਨਹੀਂ ਹੋਏ ਜੋ ਗ਼ਜ਼ਲ ਮੰਚ ਸਰੀ ਕਰ ਰਿਹਾ ਹੈ।ਗ਼ਜ਼ਲ ਮੰਚ ਦੇ ਮੈਂਬਰ ਖ਼ੁਦ ਉੱਤਮ ਦਰਜੇ ਦੀ ਸ਼ਾਇਰੀ ਰਚਦੇ ਨੇ,ਨਾਲ ਹੀ ਨਵੇਂ ਸ਼ਾਇਰਾਂ ਨੂੰ ਵਧੀਆ ਲਿਖਣ ਲਈ ਪ੍ਰੇਰਦੇ ਨੇ। ਪਿਛਲੇ ਦਿਨੀਂ ਮੈਂ ਅਮਰੀਕਾ ਕਨੇਡਾ ਫੇਰੀ ਦੌਰਾਨ ਗ਼ਜ਼ਲ ਮੰਚ ਦੀ ਕਾਰਗੁਜ਼ਾਰੀ ਤੋਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਇਆ ਹਾਂ ।ਮੰਚ ਦੀ ਟੀਮ ਸੀਮਤ ਵਿਤੀ ਸਰੋਤਾਂ ਦੇ ਬਾਵਜੂਦ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਵਡਮੁੱਲੀ ਸੇਵਾ ਕਰ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਉੱਤੇ ਮਾਣ ਮਹਿਸੂਸ ਕਰਦੀ ਹੋਈ ਹਰ ਤਰਾਂ ਦੇ ਸਹਿਯੋਗ ਲਈ ਵਚਨਬੱਧ ਹੈ ।
ਕੁਲਵਿੰਦਰ - ਨਾਮਵਰ ਪੰਜਾਬੀ ਗ਼ਜ਼ਲਗੋ
(ਪ੍ਰਧਾਨ- ਵਿਸਪਾ ਕੈਲੇਫ਼ੋਰਨੀਆ)
ਪਿਛਲੇ ਕੁਝ ਦਹਾਕਿਆਂ ਤੋਂ ਜਿੱਥੇ ਗ਼ਜ਼ਲ ਪੰਜਾਬੀ ਸਾਹਿਤ ਦੀ ਸਰਜ਼ਮੀਨ ਬੜੀ ਸ਼ਿੱਦਤ ਅਤੇ ਖ਼ੂਬਸੂਰਤੀ ਨਾਲ ਨਿੱਖਰੀ-ਪਸਰੀ ਹੈ, ਪੰਜਾਬੀ ਗ਼ਜ਼ਲ ਦੇ ਸ਼ਾਇਰ ਵੀ ਦੁਨੀਆ ਦੇ ਦੁਰਾਡੇ ਸ਼ਹਿਰਾਂ ਤਕ ਫੈਲ ਚੁੱਕੇ ਹਨ। ਕੁਦਰਤ ਦੀਆਂ ਹਸੀਨ ਵਾਦੀਆਂ ਦੇ ਵਿਚਕਾਰ ਕਨੇਡਾ ਦੇ ਸ਼ਹਿਰ ਸਰੀ, ਵੈਨਕੂਵਰ ਇਕ ਨਿਵੇਕਲੀ ਜਗ੍ਹਾ ਹੈ ਜਿੱਥੇ ਸੰਘਣੀ ਪੰਜਾਬੀ ਵਸੋਂਂ ਅਤੇ ਸਬੱਬੀਂ ਆ ਵਸੇ ਦਰਜਨ ਦੇ ਕਰੀਬ ਪੰਜਾਬੀ ਗ਼ਜ਼ਲਗੋਆਂ ਨੇ ਪੰਜਾਬੀ ਗ਼ਜ਼ਲ ਦੀ ਪ੍ਰਫੁੱਲਤਾ ਲਈ ਬਹੁਤ ਢੁਕਵਾਂ ਮਾਹੌਲ ਸਿਰਜਿਆ ਹੈ। ਪੰਜਾਬੀ ਦੇ ਕੁਝ ਸਿਰਕੱਢ ਸ਼ਾਇਰਾਂ ਨੇ ਇਸ ਸ਼ਹਿਰ ਵਿਚ ਪੰਜਾਬੀ ਗ਼ਜ਼ਲ ਮੰਚ ਸਥਾਪਤ ਕੀਤਾ ਹੈ। ਇਸ ਸੰਸਥਾ ਦੀਆਂ ਗਤਿਵਿਧੀਆਂ ਨੇ ਬਹੁਤ ਥੋੜ੍ਹੇ ਸਮੇਂ ਵਿਚ ਹੀ ਗ਼ਜ਼ਲ ਮੰਚ ਨੂੰ ਵਿਸ਼ਵ ਪੱਧਰ ਤੇ ਪੰਜਾਬੀ ਸਾਹਿਤ ਦੀਆਂ ਸਿਰਮੌਰ ਜਥੇਬੰਦੀਆਂ ਵਿਚ ਸ਼ਾਮਲ ਕਰ ਦਿੱਤਾ ਹੈ।
ਜਰਨੈਲ ਸੇਖਾ - ਨਾਮਵਰ ਪੰਜਾਬੀ ਨਾਵਲਿਸਟ
ਮੈਟਰੋ ਵੈਨਕੂਵਰ ਵਿਚ ਅਨੇਕ ਸਾਹਿਤਕ ਸੰਸਥਾਵਾਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਆਪਣਾ ਯੋਗਦਾਨ ਪਾ ਰਹੀਆਂ ਹਨ। ਚਾਰ ਕੁ ਸਾਲ ਤੋਂ ਹੋਂਦ ਵਿਚ ਆਈ ਸਾਹਿਤਕ ਸੰਸਥਾ ‘ਗ਼ਜ਼ਲ ਮੰਚ ਸਰੀ’ ਨੇ ਆਪਣੀਆਂ ਗਤੀਵਿਧੀਆਂ ਸਦਕਾ ਆਪਣਾ ਸਥਾਨ ਮੂਹਰਲੀਆਂ ਸਫ਼ਾਂ ਵਿਚ ਬਣਾ ਲਿਐ। ਇਸ ਸੰਸਥਾ ਵੱਲੋਂ ਥੋੜ੍ਹੇ ਸਮੇਂ ਵਿਚ ਹੀ ਕਈ ਗ਼ਜ਼ਲ ਦੀਆਂ ਪੁਸਤਕਾਂ ਉਪਰ ਗੋਸ਼ਟੀਆਂ ਅਤੇ ਗ਼ਜ਼ਲ ਦਰਬਾਰ ਕਰਵਾਏ ਅਤੇ ਤਿੰਨ ਭਰਵੀਆਂ ਗ਼ਜ਼ਲ ਨਾਲ ਸਬੰਧਿਤ ਕਾਨਫ਼ਰੰਸਾਂ ਵੀ ਕਰਵਾਈਆਂ। ਹਰ ਕਾਨਫ਼ਰੰਸ ਸਮੇਂ ਸਰੋਤਿਆਂ ਨਾਲ ਹਾਲ ਭਰਿਆ ਹੁੰਦਾ। ਗ਼ਜ਼ਲ ਮੰਚ ਨੂੰ ਨਾਮਵਰ, ਪਰਪੱਕ ਤੇ ਉਸਤਾਦ ਗਜ਼ਲਗੋਆਂ ਦੀ ਰਹਿਨੁਮਾਈ ਹਾਸਲ ਹੈ। ਗ਼ਜ਼ਲ ਮੰਚ ਦੇ ਮੈਂਬਰਾਂ ਦੀ ਸੰਗਠਿਤ ਮਿਲਵਰਤਨ ਸਦਕਾ, ਉਮੀਦ ਹੀ ਨਹੀਂ ਯਕੀਨ ਕੀਤਾ ਜਾ ਸਕਦਾ ਹੈ ਕਿ ‘ਗ਼ਜ਼ਲ ਮੰਚ ਸਰੀ’ ਹੋਰ ਬੁਲੰਦੀਆਂ ਹਾਸਲ ਕਰੇਗਾ।
ਅਜਮੇਰ ਰੋਡੇ- ਨਾਮਵਰ ਕਵੀ, ਨਾਟਕ-ਕਾਰ, ਟਰਾਂਸਲੇਟਰ
ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਲੋਅਰ ਮੇਨਲੈਂਡ ਵਿੱਚ ਗ਼ਜ਼ਲ -ਕਾਵਿ ਨੂੰ ਸਜੀਵ ਕਰਨ ਲਈ ਗ਼ਜ਼ਲ ਮੰਚ ਸਰੀ ਨੂੰ ਮੁਬਾਰਕਾਂ। ਸਾਲਾਂ ਤੋਂ, ਇਸਦੇ ਮੈਂਬਰ ਗ਼ਜ਼ਲਾਂ ਲਿਖਦੇ, ਸਾਂਝੇ ਕਰਦੇ ਅਤੇ ਪ੍ਰਕਾਸ਼ਿਤ ਕਰਦੇ ਹਨ, ਅਤੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਾਈਵ ਪੇਸ਼ ਕਰਦੇ ਹਨ। ਮੈਂ ਸਰੋਤਿਆਂ ਨੂੰ ਉਨ੍ਹਾਂ ਦੀਆਂ ਪੇਸ਼ਕਾਰੀਆਂ 'ਤੇ ਉੱਚੀ-ਉੱਚੀ ਤਾੜੀਆਂ ਮਾਰਦੇ ਦੇਖਿਆ ਹੈ। ਕਵਿਤਾ ਕਦੇ ਪੁਰਾਣੀ ਨਹੀਂ ਹੁੰਦੀ। ਅਤੇ ਪੰਜਾਬੀ ਗ਼ਜ਼ਲ ਕੋਈ ਵੱਖਰੀ ਨਹੀਂ ਹੈ, ਇਹ ਪਿਛਲੇ ਕੁਝ ਦਹਾਕਿਆਂ ਤੋਂ ਵਿਕਸਿਤ ਹੋ ਰਹੀ ਹੈ। ਗ਼ਜ਼ਲ ਮੰਚ ਦੇ ਕੁਝ ਮੈਂਬਰ, ਜਿਵੇਂ ਕਿ ਉਸਤਾਦ ਕ੍ਰਿਸ਼ਨ ਭਨੋਟ, ਗ਼ਜ਼ਲ ਲਿਖਣ ਤੋਂ ਇਲਾਵਾ ਅਤੇ ਗ਼ਜ਼ਲ ਕਾਵਿ-ਸ਼ਾਸਤਰ ਦੇ ਨਾਲ-ਨਾਲ ਪਿੰਗਲ ਅਤੇ ਅਰੂਜ਼ ਵਰਗੀਆਂ ਕਲਾਸਿਕਾਂ 'ਤੇ ਚਰਚਾ ਕਰਦੇ ਹਨ। ਮੈਂ ਗ਼ਜ਼ਲ ਮੰਚ ਨੂੰ ਇਸ ਦੇ ਸਿਰਜਣਾਤਮਕ ਉੱਦਮਾਂ ਲਈ ਵਧਾਈ ਦਿੰਦਾ ਹਾਂ ਅਤੇ ਭਵਿੱਖ ਵਿੱਚ ਇਸ ਦੇ ਮੈਂਬਰਾਂ ਕੋਲੋਂ ਹੋਰ ਪ੍ਰਾਪਤੀਆਂ ਦੀ ਕਾਮਨਾ ਕਰਦਾ ਹਾਂ
ਹਰਜਿੰਦਰ ਕੰਗ - ਨਾਮਵਰ ਪੰਜਾਬੀ ਗ਼ਜ਼ਲਗੋ
ਗ਼ਜ਼ਲ ਮੰਚ ਸਰੀ, ਕੈਨੇਡਾ ਪੰਜਾਬੀ ਗ਼ਜ਼ਲ ਨੂੰ ਸਮਰਪਿਤ ਅਜਿਹਾ ਗ਼ਜ਼ਲ ਸਕੂਲ ਹੈ ਜਿੱਥੇ ਪੰਜਾਬੀ ਗ਼ਜ਼ਲ ਦੇ ਸਨਮਾਨ ਤੇ ਵਿਕਾਸ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਨੇ। ਮੈਨੂੰ ਗ਼ਜ਼ਲ ਮੰਚ ਦੀ ਮਹਿਮਾਨ ਨਿਵਾਜ਼ੀ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਗ਼ਜ਼ਲ ਮੰਚ ਦੇ ਸਭ ਸੰਚਾਲਕ ਉੱਘੇ ਗ਼ਜ਼ਲਗੋ ਨੇ ਜਿਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਆਪਣੀ ਪੁਖ਼ਤਾ ਸ਼ਾਇਰੀ ਨਾਲ ਹੋਰ ਅਮੀਰ ਕੀਤਾ ਹੈ।ਗ਼ਜ਼ਲ ਵਾਂਗ ਗ਼ਜ਼ਲ ਮੰਚ ਅਜਿਹਾ ਸਕੂਨਦੇਹ, ਸੁਹਜਮਈ ਤੇ ਬਰ-ਵਜ਼ਨ ਮਹੌਲ ਸਿਰਜਦਾ ਹੈ ਕਿ ਸੁਖ਼ਨ ਦੀ ਖ਼ੁਸ਼ਬੂ ਦੂਰ ਦੂਰ ਤਕ ਫੈਲ ਜਾਂਦੀ ਹੈ। ਬਦੇਸ਼ਾਂ ਵਿੱਚ ਇੰਨੇ ਅਨੁਸ਼ਾਸਨ ਤੇ ਸਮਰਪਣ ਨਾਲ ਗ਼ਜ਼ਲ ਵਰਗੀ ਸੂਖ਼ਮ ਵਿਧਾ ਨੂੰ ਸੁਆਰਨ, ਨਿਖ਼ਾਰਨ ਤੇ ਵਿਸਥਾਰਨ ਲਈ ਗ਼ਜ਼ਲ ਮੰਚ ਦਾ ਸਮੁੱਚਾ ਗ਼ਜ਼ਲ-ਪਰਿਵਾਰ ਵਧਾਈ ਦਾ ਹੱਕਦਾਰ ਹੈ।ਦੁਆ ਹੈ ਕਿ ਗ਼ਜ਼ਲ ਮੰਚ ਇਵੇਂ ਹੀ ਗ਼ਜ਼ਲ ਦੀ ਗੱਲ ਤੋਰਦਾ ਰਹੇ, ਗ਼ਜ਼ਲ ਦਾ ਇਲਮ ਵੰਡਦਾ ਰਹੇ।
ਰਾਜਦੀਪ ਤੂਰ - ਪੰਜਾਬੀ ਗ਼ਜ਼ਲਗੋ
ਗ਼ਜ਼ਲ ਮੰਚ ਸਰੀ ਦਾ ਨਾਮ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਹੀ ਨਹੀਂ ਬਲਕਿ ਕੈਨੇਡਾ ਤੋਂ ਬਾਹਰ ਵਸਦੇ ਸਾਹਿਤਕ ਲੋਕਾਂ ਖਾਸ ਕਰਕੇ ਗ਼ਜ਼ਲ ਲੇਖਕਾਂ ਤੇ ਗ਼ਜ਼ਲ ਪ੍ਰੇਮੀਆਂ ਲਈ ਬਹੁਤ ਸਤਿਕਾਰਯੋਗ ਹੈ। ਸੰਸਥਾਪਕਾਂ ਦੀ ਗ਼ਜ਼ਲ ਪ੍ਰਤੀ ਲਗਨ ਤੇ ਮਿਹਨਤ ਦਿਨ ਬ ਦਿਨ ਗ਼ਜ਼ਲ ਮੰਚ ਸਰੀ ਦਾ ਨਾਮ ਹੋਰ ਰੌਸ਼ਨ ਕਰ ਰਹੀ ਹੈ । ਦੇਸ਼ਾਂ ਵਿਦੇਸ਼ਾਂ ਤੋਂ ਆਏ ਲੇਖਕ ਦੋਸਤਾਂ ਨੂੰ ਪੁਰਖ਼ਲੂਸ ਮਿਲਣਾ ਉਹਨਾ ਨੂੰ ਮੁਹੱਬਤ ਅਤੇ ਸਾਹਿਤ ਦੇ ਇਸ ਦਰਿਆ ਵਿੱਚ ਚੁੱਭੀ ਲਗਵਾਉਣ ਲਈ ਆਮੰਤ੍ਰਿਤ ਕਰਨਾ ਇਹਨਾ ਦੋਸਤਾਂ ਦੇ ਮੁਹੱਬਤ ਭਰੇ ਸੁਭਾਅ ਦਾ ਹਿੱਸਾ ਹੈ । ਮੈਨੂੰ 2018 ਵਿੱਚ ਇਹਨਾ ਦੋਸਤਾਂ ਦੀ ਮੁਹੱਬਤ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ । ਮੈਂ ਦਿਲੋਂ ਦੁਆ ਕਰਦਾ ਹਾਂ ਕਿ ਗ਼ਜ਼ਲ ਮੰਚ ਸਰੀ ਦਾ ਨਾਮ ਗ਼ਜ਼ਲ ਦੇ ਆਸਮਾਨ ਉੱਤੇ ਧਰੂ ਤਾਰੇ ਵਾਂਗ ਚਮਕੇ ।.
ਦਿਓਲ ਪਰਮਜੀਤ- ਪੰਜਾਬੀ ਗ਼ਜ਼ਲਗੋ
(ਪ੍ਰਧਾਨ - ਅਸੀਸ ਮੰਚ ਟੋਰਾਂਟੋ)
ਗ਼ਜ਼ਲ ਮੰਚ ਸਰੀ ਦੇਖਦਿਆਂ -ਦੇਖਦਿਆਂ ਹੀ ਹੋੱਦ ਵਿੱਚ ਆਈ ‘ਤੇ ਹੁਣ ਇਹ ਸੰਸਥਾ ਆਪਣੀਆਂ ਮੰਜ਼ਲਾਂ ਸਰ ਕਰ ਰਹੀ ਹੈ,ਖ਼ੂਬਸੂਰਤ ਗੱਲ ਇਹ ਹੈ ਕਿ ਇਹ ਸੰਸਥਾ ਸਾਰੇ ਹੀ ਸਥਾਪਿਤ ਤੇ ਮੰਝੇ ਹੋਏ ਗ਼ਜ਼ਲ ਲੇਖਕਾ ਵੱਲੋਂ ਬਣਾਈ ਗਈ ਹੈ, ਮੈਂ ਆਪ ਇਸ ਸੰਸਥਾ ਵਿੱਚ ਸ਼ਿਰਕਤ ਕਰ ਕੇ ਦੇਖਿਆ ਹੈ ਗ਼ਜ਼ਲ ਮੰਚ ਮਾਅਰਕੇ ਦਾ ਕੰਮ ਕਰ ਰਿਹਾ ਹੈ,ਦੇਸ਼-ਵਿਦੇਸ਼ ਵਿੱਚੋਂ ਆਏ ਲੇਖਕਾਂ ਨਾਲ ਅਤੇ ਉਸ ਦੇ ਲੇਖਣੀ ਨਾਲ ਸੰਵਾਦ ਰਚਾਇਆ ਜਾਂਦਾ ਹੈ, ਲੇਖਕ ਇੱਕ ਵੱਖਰਾ ਅਨੁਭਵ ਲੈ ਕੇ ਜਾਂਦੇ ਹਨ, ਸਾਹਿਤ ਨੂੰ ਸਮਝਣ ਵਾਲੇ ਪਾਰਖੂ ਰਾਈਟਰ ਇਸ ਮੰਚ ਦੇ ਹਿੱਸਾ ਹਨ, ਕਰੋਨਾ ਵਕਤ ਵੀ ਅਸੀੰ ਲਾਇਵ ਸ਼ਾਇਰਾਂ ਦੀ ਸ਼ਾਇਰੀ ਦਾ ਅਨੰਦ ਮਾਣਿਆ ਹੈ, ਸੁਹਿਰਦ ਅਤੇ ਪਰਪੱਕ ਲੇਖਕ ਇਸ ਮੰਚ ਨੂੰ ਚਲਾਉਣ ਵਾਲੇ ਅਤੇ ਸਾਹਿਤ ਦੇ ਚੰਗੇ ਅਤੇ ਮਾੜੇ ਪ੍ਰਭਾਵ ਨੂੰ ਸਮਝਣ ਵਾਲੇ ਲੇਖਕਾਂ ਕਰਕੇ ਹੀ ਮੈਂ ਆਪਣੀ ਗਜ਼ਲ ਪੁਸਤਕ ਵੀ ਏਸ ਮੰਚ ਵੱਲੋਂ ਹੀ ਛਪਵਾਈ ਹੈ
ਗ਼ਜ਼ਲ ਮੰਚ ਸਰੀ ਦੇ ਅੱਜਕੱਲ੍ਹ ਸਾਰੇ ਪਾਸੇ ਗੱਲ ਹੋ ਰਹੀ, ਇਸ ਦੇ ਸਾਲਾਨਾ ਪ੍ਰੋਗਰਾਮ ਦੇ ਪ੍ਰਭਾਵ ਵੀ ਲੋਕ ਕਬੂਲਦੇ ਹਨ, ਗ਼ਜ਼ਲ ਮੰਚ ਦਿਨੋ-ਦਿਨ ਬੁਲੰਦੀਆਂ ਛੂਹ ਰਿਹਾ ਹੈ, ਮੈਨੂੰ ਲੱਗਦਾ ਕਿ ਸੰਸਥਾ ਦੇ ਨਾਲ ਜੁੜਨ ਵਾਲਾ ਲੇਖਕ ਜ਼ਰੂਰ ਇਹ ਸੋਚੇਗਾ ਕਿ ਮੈਂ ਇਸ ਸੰਸਥਾ ਦੇ ਜਾਂ ਮੇਰੀ ਲੇਖਣੀ ਇਸ ਸੰਸ਼ਥਾ ਦੇ ਹਾਣ ਦੀ ਹੈ ਤਾਂ ਨਤੀਜੇ ਆਪ ਹੀ ਵਧੀਆ ਨਿੱਕਲਣਗੇ, ਮੈਂ ਇਸ ਸੰਸਥਾ ਦੇ ਸਾਰੇ ਹੀ ਅਹੁਦੇਦਾਰਾਂ ਨੂੰ ਵਧਾਈ ਦਿੰਦੀ ਹਾਂ ਕਿ ਤੁਸੀਂ ਸਾਡੇ ਸਾਰਿਆਂ ਲਈ ਇਹ ਵੱਡਾ ਅਤੇ ਚੰਗਾ ਸਾਹਿਤਕ ਪਲੇਟਫਾਰਮ ਤਿਆਰ ਕਰਕੇ ਇੱਕ ਮਾਣਮੱਤਾ ਕੰਮ ਕੀਤਾ ਹੈ
ਪ੍ਰਭਜੋਤ ਸੋਹੀ - ਪ੍ਰਸਿੱਧ ਪੰਜਾਬੀ ਕਵੀ
(ਪ੍ਰਧਾਨ - ਸਾਹਿਤ ਸਭਾ ਜਗਰਾਓਂ)
ਪਿਛਲੇ ਦਿਨੀਂ ਗਰਮੀਆਂ ਦੀਆਂ ਛੁੱਟੀਆਂ 'ਚ ਜਦ ਮੈਂ ਆਪਣੀ ਕੈਨੇਡਾ-ਯਾਤਰਾ 'ਤੇ ਸਾਂ ਤਾਂ 'ਗ਼ਜ਼ਲ ਮੰਚ ਸਰੀ' ਵਾਲੇ ਮਿੱਤਰਾਂ ਦਾ, ਪੌਣਾਂ ਹੱਥ ਮੋਹ ਭਰਿਆ ਸੱਦਾ ਮਿਲਿਆ। ਜਿਵੇਂ ਕਹਿੰਦੇ ਹੁੰਦੇ ਆ 'ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ', ਮਨ ਕਾਹਲ਼ਾ ਪੈ ਗਿਆ ਮਿਲਣ ਲਈ। ਖ਼ੈਰ ਮਿਥੇ ਸਮੇਂ ਤੇ ਮਿੱਤਰ ਮੰਡਲੀ 'ਚ ਦੱਸੇ ਹੋਏ ਪਤੇ ਮੁਤਾਬਿਕ ਪਹੁੰਚਿਆ ਤਾਂ ਪੰਜਾਬੀ ਗ਼ਜ਼ਲ ਦੇ ਮਹਾਂਰਥੀਆਂ ਨੂੰ ਇੱਕੋ ਥਾਂ ਵੇਖ ਕੇ ਰੂਹ ਸਰਸ਼ਾਰ ਹੋ ਗਈ। ਅਸਲ 'ਚ ਗ਼ਜ਼ਲ ਮੰਚ ਸਰੀ ਇਕ ਗ਼ਜ਼ਲ ਸਕੂਲ ਹੈ ਜੋ ਬਹੁਤ ਵੱਡਾ ਤੇ ਸਾਰਥਿਕ ਕਾਰਜ ਕਰ ਰਿਹਾ ਹੈ। ਕੈਨੇਡਾ ਦੀ ਧਰਤੀ 'ਤੇ ਗ਼ਜ਼ਲ ਦਾ ਬੂਟਾ ਲਾਉਣ ਵਾਲੇ ਪਿੰਗਲ ਤੇ ਅਰੂਜ਼ ਦੇ ਮਾਹਿਰ ਇਹ ਮਿੱਤਰ ਵਧਾਈ ਦੇ ਹੱਕਦਾਰ ਹਨ। ਮੈਂ ਅਦਾਰਾ ਸ਼ਬਦਜੋਤ ਅਤੇ 'ਸਾਹਿਤ ਸਭਾ ਜਗਰਾਉਂ' ਵੱਲੋਂ ਇਨ੍ਹਾਂ ਨੂੰ ਆਪਣੀ ਮੁਹੱਬਤ ਭੇਜਦਾਂ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਇਹ ਹੋਰ ਵੀ ਸ਼ਿੱਦਤ ਨਾਲ ਮਾਂ ਬੋਲੀ ਪ੍ਰਤੀ ਆਪਣੇ ਫ਼ਰਜ਼ ਨਿਭਾਉਂਦੇ ਰਹਿਣਗੇ।
ਆਮੀਨ।
ਮੋਹਨ ਗਿੱਲ - ਨਾਮਵਰ ਪੰਜਾਬੀ ਕਵੀ
(ਪ੍ਰਧਾਨ - ਵੈਨਕੂਵਰ ਵਿਚਾਰ ਮੰਚ)
ਨਿੱਗਰ ਪੈੜਾਂ ਪਾ ਰਿਹਾ ਗ਼ਜ਼ਲ ਮੰਚ ਸਰੀ
ਗ਼ਜ਼ਲ ਮੰਚ ਸਰੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਕਾਰਜਸ਼ੀਲ ਹੈ। ਗ਼ਜ਼ਲ ਮੰਚ ਨਿੱਗਰ ਸਾਹਿਤਕ ਕਾਰਜ ਕਰ ਰਹੀ ਹੈ। ਬਹੁਤ ਸਾਰੇ ਲੇਖਕ ਜੋ ਕਵਿਤਾ ਦੀਆਂ ਹੋਰ ਵਿਧਾਵਾਂ ਜਿਵੇਂ ਖੁੱਲ੍ਹੀ ਕਵਿਤਾ, ਗੀਤ, ਜਾਂ ਤੁਕਾਂਤ ਬੱਧ ਕਵਿਤਾ ਲਿਖਦੇ ਸਨ, ਗ਼ਜ਼ਲ ਮੰਚ ਨਾਲ ਜੁੜ ਕੇ ਪਾਇਦਾਰ ਗ਼ਜ਼ਲ ਕਹਿਣ ਲੱਗ ਗਏ ਹਨ। ਗ਼ਜ਼ਲ ਮੰਚ ਵਿਚ ਉਸਤਾਦ ਲੇਖਕਾਂ ਦਾ ਹੋਣਾ ਸਾਰੇ ਲੇਖਕਾਂ ਲਈ ਲਾਹੇਵੰਦ ਸਿੱਧ ਹੋਇਆ ਹੈ। ਜਦ ਗ਼ਜ਼ਲ ਮੰਚ ਕਿਸੇ ਵੀ ਪੁਸਤਕ ਉੱਤੇ ਗੋਸ਼ਟੀ ਕਰਦੀ ਹੈ ਤਾਂ ਇਹ ਨਿਰੋਲ ਗੁਣ ਗਾਇਣ ਨਹੀਂ ਕਰਦੀ ਬਲਕਿ ਲੇਖਕ ਦੀਆਂ ਊਣਤਾਈਆਂ ਵੀ ਲੇਖਕ ਦੇ ਧਿਆਨ ਵਿਚ ਲਿਆਉਂਦੀ ਹੈ। ਇਸ ਤਰ੍ਹਾਂ ਸਾਰੇ ਕਵੀ ਕੁਝ ਨਾ ਕੁਝ ਸਿੱਖ ਕੇ ਜਾਂਦੇ ਹਨ।
ਪਿਛਲੇ ਕੁਝ ਸਾਲਾਂ ਤੋਂ ਗ਼ਜ਼ਲ ਮੰਚ ਸਰੀ ਨੇ ਇਕ ਸਲਾਨਾ ਪ੍ਰੋਗਰਾਮ ਕਰਨਾ ਸ਼ੁਰੂ ਕੀਤਾ ਹੈ ਜਿੱਥੇ ਲੇਖਕ ਇਕ ਵੱਡੀ ਹਾਜ਼ਰੀ ਵਿਚ ਆਪਣੀਆਂ ਰਚਨਾਵਾਂ ਸਰੋਤਿਆਂ ਅੱਗੇ ਪੜ੍ਹ ਕੇ ਪੇਸ਼ ਕਰਦੇ ਹਨ। ਇਸ ਪ੍ਰੋਗਰਾਮ ਦਾ ਇਕ ਹਿੱਸਾ ਸੰਗੀਤਕ ਪ੍ਰੋਗਰਾਮ ਵੀ ਹੁੰਦਾ ਹੈ ਜਿਸ ਵਿਚ ਸਥਾਨਕ ਲੇਖਕਾਂ ਦੀਆਂ ਗ਼ਜ਼ਲਾਂ ਦਾ ਗਾਇਣ ਕੀਤਾ ਜਾਂਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਸਰੀ ਗ਼ਜ਼ਲ ਮੰਚ ਦੇ ਮੈਂਬਰਾਂ ਵੱਲੋਂ ਜੋ ਗ਼ਜ਼ਲ ਕਹੀ ਜਾ ਰਹੀ ਹੈ ਉਹ ਪੰਜਾਬ ਵਿਚ ਵੱਸਦੇ ਲੇਖਕਾਂ ਨਾਲੋਂ ਕਿਤੇ ਘੱਟ ਨਹੀਂ ਬਲਕਿ ਕਈ ਲੇਖਕ ਤਾਂ ਪੰਜਾਬ ਦੇ ਲੇਖਕਾਂ ਤੋਂ ਵੀ ਉੱਤਮ ਗ਼ਜ਼ਲ ਕਹਿ ਰਹੇ ਹਨ। ਗ਼ਜ਼ਲ ਮੰਚ ਦੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੰਦਾ ਹੋਇਆ ਮੈਂ ਹੋਰ ਵੀ ਚੰਗੇ ਭਵਿੱਖ ਦੀ ਕਾਮਨਾ ਕਰਦਾ ਹਾਂ। ਸ਼ਾਲਾ ਗ਼ਜ਼ਲ ਮੰਚ ਹੋਰ ਵਧੇ-ਫੁੱਲੇ ਤੇ ਉੱਤਮ ਗ਼ਜ਼ਲ ਪੰਜਾਬੀ ਸਹਿਤ ਦੀ ਝੋਲੀ ਚ ਪਾਕੇ ਉਸ ਨੂੰ ਹੋਰ ਅਮੀਰ ਕਰੇ।
ਨੀਲੂ ਜਰਮਨੀ - ਪੰਜਾਬੀ ਗ਼ਜ਼ਲਗੋ
'ਗ਼ਜ਼ਲ ਮੰਚ ਸਰੀ' ਨਾਂ ਦੀ ਸੰਸਥਾ ਸਾਹਿਤਕ ਹਲਕਿਆਂ ਵਿਚ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਇਹ ਸੰਸਥਾ ਪੰਜਾਬੀ ਸਾਹਿਤ ਤੇ ਖ਼ਾਸ ਕਰਕੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਨਿਵੇਕਲਾ ਤੇ ਮਾਣਯੋਗ ਕੰਮ ਕਰ ਰਹੀ ਹੈ। ਪੰਜਾਬੀ ਅਦਬ ਦੇ ਖੇਤਰ ਵਿਚ ਕਿਸੇ ਖ਼ਾਸ ਵਿਧਾ ਤੇ ਉਹ ਵੀ ਨਿਰੋਲ ਗ਼ਜ਼ਲ ਵਰਗੀ ਸਿਨਫ਼ ਨੂੰ ਸਮਰਪਿਤ ਇਹ ਇੱਕੋ-ਇਕ ਸੰਸਥਾ ਹੈ। ਪੰਜਾਬੀ ਗ਼ਜ਼ਲ ਨਾਲ਼ ਸੰਬੰਧਿਤ ਕਈ ਚਰਚਿਤ ਤੇ ਸਿਰਮੌਰ ਨਾਵਾਂ ਦਾ ਇਸ ਨਾਲ਼ ਜੁੜੇ ਹੋਣਾ ਇਸ ਸੰਸਥਾ ਦੀ ਭਰੋਸੇਯੋਗਤਾ ਤੇ ਗੁਣਵੱਤਾ ਨੂੰ ਸਿਖ਼ਰਲਾ ਮੁਕਾਮ ਪ੍ਰਦਾਨ ਕਰਦਾ ਹੈ।
ਪ੍ਰਦੇਸਾਂ ਵਿਚਲੀ ਭੱਜ-ਦੌੜ ਦੀ ਜ਼ਿੰਦਗੀ ਵਿਚ ਇਸ ਦੇ ਸਾਰੇ ਮੈਂਬਰਾਂ ਦੁਆਰਾ ਆਪਣੇ ਸਮੇਂ ਦਾ ਦਸਵੰਧ ਕੱਢ ਕੇ ਪੰਜਾਬੀ ਗ਼ਜ਼ਲ ਦੀ ਰਚਨ-ਪ੍ਰਕ੍ਰਿਆ ਅਤੇ ਬਿਹਤਰੀ ਲਈ ਲਾਉਣਾ ਬਹੁਤ ਸ਼ਲਾਘਾਯੋਗ ਕਾਰਜ ਹੈ। ਇਸ ਸੰਸਥਾ ਦੁਆਰਾ ਸਮੇਂ- ਸਮੇਂ 'ਤੇ ਗ਼ਜ਼ਲ ਨਾਲ਼ ਸੰਬੰਧਿਤ ਉਲੀਕੇ ਜਾਂਦੇ ਪ੍ਰੋਗਰਾਮ ਮਿਆਰੀ ਤੇ ਬੇਮਿਸਾਲ ਹੁੰਦੇ ਨੇ ਜਿਨ੍ਹਾਂ ਦੀ ਗ਼ਜ਼ਲ-ਪ੍ਰੇਮੀ ਤੀਬਰਤਾ ਨਾਲ਼ ਉਡੀਕ ਕਰਦੇ ਹਨ। ਮੈਨੂੰ ਵੀ 2023 ਦੇ ਸਾਲਾਨਾ ਪ੍ਰੋਗਰਾਮ 'ਸ਼ਾਇਰਾਨਾ ਸ਼ਾਮ' ਵਿਚ ਸ਼ਮੂਲੀਅਤ ਦਾ ਸੁਭਾਗ ਪ੍ਰਾਪਤ ਹੋਇਆ। ਮੇਰੇ ਲਈ ਇਹ ਅਨੂਠਾ, ਸਕੂਨਮਈ ਸਾਹਿਤਕ ਅਨੁਭਵ ਸੀ ਜੋ ਮੇਰੇ ਚੇਤਿਆਂ ਨੂੰ ਹਮੇਸ਼ ਇਸ ਨਿੱਘੀ ਯਾਦ ਦੀ ਖ਼ੁਸ਼ਬੂ ਨਾਲ਼ ਮਹਿਕਾਉਂਦਾ ਰਹੇਗਾ। 'ਗ਼ਜ਼ਲ ਮੰਚ ਸਰੀ' ਦੁਆਰਾ ਦੁਨੀਆ ਭਰ ਦੇ ਸਾਹਿਤਕਾਰਾਂ ਨੂੰ ਮਾਣ-ਸਨਮਾਨ ਨਾਲ਼ ਨਿਵਾਜ਼ਿਆ ਜਾਂਦਾ ਹੈ ਤੇ ਮੈਂ ਵੀ ਇਸ ਸੰਸਥਾ ਦੁਆਰਾ ਮਿਲੇ ਮਣਾਂ-ਮੂੰਹੀਂ ਪਿਆਰ ਤੇ ਸਤਿਕਾਰ ਦੀ ਹਮੇਸ਼ ਸ਼ੁਕਰਗੁਜ਼ਾਰ ਰਹਾਂਗੀ। ਮੈਂ 'ਗ਼ਜ਼ਲ ਮੰਚ ਸਰੀ' ਦੀਆਂ ਭਵਿੱਖ ਦੀਆਂ ਸਾਹਿਤਕ ਯੋਜਨਾਵਾਂ ਲਈ ਆਪਣੀਆਂ ਢੇਰ ਸ਼ੁਭ-ਇੱਛਾਵਾਂ ਭੇਂਟ ਕਰਦੀ ਹਾਂ। ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ 'ਗ਼ਜ਼ਲ ਮੰਚ ਸਰੀ' ਦਾ ਨਾਂ ਹਮੇਸ਼ਾਂ ਬੜੇ ਫਖ਼ਰ ਤੇ ਸਤਿਕਾਰ ਨਾਲ਼ ਲਿਆ ਜਾਂਦਾ ਰਹੇਗਾ।
ਕੁਲਵਿੰਦਰ ਖਹਿਰਾ - ਪੰਜਾਬੀ ਗ਼ਜ਼ਲਗੋ, ਨਾਟਕਕਾਰ, ਟਰਾਂਸਲੇਟਰ
(ਸਾਬਕਾ ਕੋ-ਓਰਡੀਨੇਗਰ- ਕਲਮਾਂ ਦਾ ਕਾਫ਼ਲਾ ਟੋਰਾਂਟੋ)
ਕੈਨੇਡਾ ਵਰਗੇ ਮਸ਼ੀਨੀ ਦੇਸ਼ ਵਿੱਚ ਸਾਹਿਤ ਰਚਣਾ ਹੀ ਬਹੁਤ ਵੱਡੀ ਘਾਲਣਾ ਹੈ ਪਰ ਸਾਹਿਤਕ ਸੰਸਥਾਵਾਂ ਬਣਾ ਕੇ ਸਾਹਿਤ ਦੀ ਚਰਚਾ ਕਰਨਾ ਅਤੇ ਪੰਜਾਬੀ ਸਾਹਿਤ ਨੂੰ ਜੀਂਦਾ ਰੱਖਣਾ ਉਸਤੋਂ ਵੀ ਵੱਡੀ ਗੱਲ ਹੈ। ਅਜਿਹੀ ਹਾਲਤ ਵਿੱਚ ਇੱਕ ਮਿਆਰੀ ਸੰਸਥਾ ਨੂੰ ਕਾਇਮ ਕਰਨਾ ਅਤੇ ਸਾਹਿਤ ਦੀ ਗੱਲ ਕਰਨਾ ਸਭ ਤੋਂ ਵੱਡੀ ਗੱਲ ਹੋ ਨਿੱਬੜਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਚੰਦ ਦੋਸਤਾਂ ਵੱਲੋਂ ‘ਗ਼ਜ਼ਲ ਮੰਚ ਸਰੀ’ ਦੀ ਸਥਾਪਨਾ ਕਰਕੇ ਇਸ ਵਿੱਚ ਗ਼ਜ਼ਲ ਦੀ ਪ੍ਰਫੁੱਲਤਾ ਲਈ ਸ਼ਲਾਘਾਯੋਗ ਕੰਮ ਹੋ ਰਿਹਾ ਹੈ। ਮਾਣ ਵਾਲ਼ੀ ਗੱਲ ਇਹ ਵੀ ਹੈ ਇਸ ਵਿੱਚ ਰਾਜਵੰਤ, ਗੌਤਮ ਅਤੇ ਮਨਪ੍ਰੀਤ ਤੋਂ ਇਲਾਵਾ ਪੰਜਾਬੀ ਸਾਹਿਤ ਦੇ ਮਾਣ, ਜਨਾਬ ਕ੍ਰਿਸ਼ਨ ਭਨੋਟ ਅਤੇ ਜਸਵਿੰਦਰ ਜੀ ਦਾ ਇਨ੍ਹਾਂ ਸਾਥੀਆਂ ਦੀ ਪਿੱਠ `ਤੇ ਥਾਪੜਾ ਹੋਣਾ ਜਿੱਥੇ ਇਨ੍ਹਾਂ ਲਈ ਮਾਣ ਵਾਲ਼ੀ ਗੱਲ ਹੈ ਓਥੇ ਅਜਿਹੀ ਸੰਸਥਾ ਸਮੁੱਚੇ ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਦਾ ਦੁਨੀਆਂ ਭਰ `ਚ ਕੱਦ ਵਧਾਉਂਦੀ ਹੈ। ਇਨ੍ਹਾਂ ਸਾਥੀਆਂ ਨਾਲ਼ ਮਿਲ਼ ਬੈਠ ਕੇ, ਇਨ੍ਹਾਂ ਦੀ ਸੰਗਤ ਵਿੱਚ ਸਾਹਿਤ ਦੇ ਆਲਮ `ਚ ਵਿਚਰਦਿਆਂ ਕਿਸੇ ਭਗਤੀ `ਚ ਲੀਨ ਹੋ ਜਾਣ ਵਾਂਗ ਜਾਪਦਾ ਹੈ। ਸ਼ਾਲਾ! ਇਨ੍ਹਾਂ ਦੋਸਤਾਂ ਦੀ ਦੋਸਤੀ ਤੇ ਲਗਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ! ਆਮੀਨ!
ਭੁਪਿੰਦਰ ਦੁਲੇ - ਪੰਜਾਬੀ ਗ਼ਜ਼ਲਗੋ
(ਕੋ-ਓਰਡੀਨੇਟਰ- ਕਲਮਾਂ ਦਾ ਕਾਫ਼ਲਾ ਟੋਰਾਂਟੋ)
'ਗ਼ਜ਼ਲ ਮੰਚ ਸਰੀ' ਉੱਤਰੀ ਅਮਰੀਕਾ ਵਿਚ ਨਿਰੋਲ ਪੰਜਾਬੀ ਗ਼ਜ਼ਲ ਦੀ ਵਾਹਦ ਸੰਸਥਾ ਹੈ ਜਿਸਨੇ ਕੁਝ ਕੁ ਸਾਲਾਂ ਵਿਚ ਹੀ ਆਪਣਾ ਵਿਲੱਖਣ ਸਥਾਨ ਹਾਸਿਲ ਕਰ ਲਿਆ ਹੈ। ਇਸਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਬਾਹਰੋਂ ਆਉਣ ਵਾਲੇ ਹਰ ਸ਼ਾਇਰ ਦੀ ਇੱਛਾ ਹੁੰਦੀ ਹੈ ਕਿ ਉਹ ਗ਼ਜ਼ਲ ਮੰਚ ਸਰੀ ਦੀ ਬੈਠਕ ਵਿਚ ਜ਼ਰੂਰ ਹਾਜ਼ਰੀ ਲੁਆਵੇ। ਮੰਚ ਵਿਚ ਮੰਝੇ ਹੋਏ ਗ਼ਜ਼ਲਕਾਰਾਂ ਦੀ ਸੋਹਬਤ ਵਿਚ ਅਜੋਕੀ ਗ਼ਜ਼ਲ ਦੇ ਨਾਮਵਰ ਸ਼ਾਇਰ ਹਨ ਅਤੇ ਨਵੇਂ ਸਿਖਾਂਦਰੂਆਂ ਦੀ ਸ਼ਮੂਲੀਅਤ ਹੈ। ਗ਼ਜ਼ਲ ਮੰਚ ਸਰੀ ਨਾਲ਼ ਮੇਰੀ ਬਹੁਤ ਗਹਿਰੀ ਰਿਸ਼ਤਗੀ ਹੈ ਜਿਸ ਕਾਰਨ ਮੈਨੂੰ ਇਸਦੀ ਹਰ ਪ੍ਰਾਪਤੀ ਤੇ ਮਾਣ ਹੈ ਅਤੇ ਹਰ ਨਵੇਂ ਕਦਮ ਨਾਲ਼ ਪੰਜਾਬੀ ਗ਼ਜ਼ਲ ਦਾ ਉੱਜਲ ਭਵਿੱਖ ਨਜ਼ਰ ਆ ਰਿਹਾ ਹੈ।
ਡਾ: ਰਨਦੀਪ ਮਲਹੋਤਰਾ - ਗ਼ਜ਼ਲ ਗਾਇਕ
ਸਰੀ ਸ਼ਹਿਰ ਅਤੇ ਉੱਤਰੀ ਅਮਰੀਕਾ ਦੇ ਸਾਰੇ ਹੀ ਪੰਜਾਬੀ ਸਹਿਤ ਪ੍ਰੇਮੀਆਂ ਲਈ ਇਹ ਬਹੁਤ ਹੀ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਗ਼ਜ਼ਲ ਮੰਚ ਸਰੀ ਆਪਣੀ ਆਪਣੀ ਵੈੱਬਸਾਈਟ ਸ਼ੁਰੂ ਕਰਨ ਜਾ ਰਿਹਾ ਹੈ। ਗ਼ਜ਼ਲ ਮੰਚ ਸਰੀ ਨਾਲ ਮੇਰਾ ਮੇਲ ਕੋਈ ਤਿੰਨ ਸਾਲ ਪਹਿਲਾਂ ਇਕ ਪੰਜਾਬੀ ਪੁਸਤਕ ਦੇ ਲੋਕ-ਅਰਪਣ ਵੇਲੇ ਹੋਇਆ। ਪੰਜਾਬੀ ਗ਼ਜ਼ਲ ਪ੍ਰਤੀ ਉਨ੍ਹਾਂ ਦਾ ਪਿਆਰ, ਜਜ਼ਬਾ ਅਤੇ ਜਨੂਨ ਆਪਣੇ ਆਪ ਵਿਚ ਇਕ ਮਿਸਾਲ ਹੈ। ਨਾ ਸਿਰਫ਼ ਹਰ ਸ਼ਾਇਰ ਦੀ ਕੋਸ਼ਸ਼ ਪੰਜਾਬੀ ਗ਼ਜ਼ਲ ਨੂੰ ਹੋਰ ਉਚਾਰੀ ਤੱਕ ਲੈ ਜਾਣ ਦੀ ਹੈ ਸਗੋਂ ਉਹ ਸਮੂਹਿਕ ਰੂਪ ਵਿੱਚ ਬੈਠਕਾਂ ਅਤੇ ਗੋਸ਼ਟੀਆਂ ਨਾਲ ਇਕ ਦੂਜੇ ਦੀ ਕਲਾ ਨੂੰ ਵੀ ਸ਼ਿੰਗਾਰਨ ਵਿਚ ਵੀ ਖ਼ੁਸ਼ੀ ਮਹਿਸੂਸ ਕਰਦੇ ਹਨ। ਸ਼ਾਇਰ ਦਵਿੰਦਰ ਗੌਤਮ, ਰਾਜਵੰਤ ਰਾਜ, ਜਸਵਿੰਦਰ, ਦਸਮੇਸ਼ ਗਿੱਲ ਫ਼ਿਰੋਜ਼, ਉਸਤਾਦ ਕ੍ਰਿਸ਼ਨ ਭਨੋਟ ਅਤੇ ਉਨ੍ਹਾਂ ਦੇ ਬਾਕੀ ਸਾਰੇ ਸਾਥੀ ਹੀ ਵਧਾਈ ਦੇ ਪਾਤਰ ਹਨ। ਮੈਂ ਇਸ ਮੌਕੇ ਤੇ ਸਾਰੀ ਟੀਮ ਨੂੰ ਮੁਬਾਰਕਬਾਦ ਅਤੇ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਭੇਜਦਾ ਹਾਂ।
ਰੂਪ ਸਿੱਧੂ - ਦੁਬੱਈ ਤੋਂ ਨਾਮਵਰ ਗ਼ਜ਼ਲਗੋ
ਪਿਛਲੇ ਦਿਨੀਂ ‘ਗ਼ਜ਼ਲ ਮੰਚ ਸਰੀ' ਕੈਨੇਡਾ ਵਿਖੇ ਜਾਣ ਦਾ ਸਬੱਬ ਬਣਿਆ। ਭਲੇ ਹੀ ਜਨਾਬ ਕ੍ਰਿਸ਼ਨ ਭਨੋਟ ਜੀ ਤਾਂ ਉਸ ਦਿਨ ਓਥੇ ਨਹੀਂ ਸਨ ਪਰ ਫਿਰ ਵੀ ਸ਼੍ਰੀ ਦਵਿੰਦਰ ਗੌਤਮ ਅਤੇ ਸ਼੍ਰੀ ਰਾਜਵੰਤ ਰਾਜ ਜੀ ਵੱਲੋਂ ਮਿਲਿਆ ਪਿਆਰ ਸਲਾਹੁਣਯੋਗ ਸੀ। ਬੇਸ਼ੱਕ ਸ਼ਨੀਵਾਰ ਕੰਮ ਵਾਲਾ ਦਿਨ ਹੁੰਦਾ ਹੈ ਅਤੇ ਇਸ ਦਿਨ ਕਿਸੇ ਕੋਲੋਂ ਵੀ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਹੈ ਪਰ ਫਿਰ ਵੀ ਇਹਨਾਂ ਵੀਰਾਂ ਨੇ ਕਈ ਹੋਰ ਵੀਰਾਂ ਸਮੇਤ ਮੈਨੂੰ ਮਿਲਣ ਦਾ ਸਮਾਂ ਕੱਢਿਆ ਜਿਸ ਲਈ ਮੈਂ ਇਹਨਾਂ ਦਾ ਤਹਿ-ਦਿਲੋਂ ਧੰਨਵਾਦੀ ਹਾਂ। ਸਮੇਂ ਦੀ ਘਾਟ ਕਰਕੇ ਰਾਜਵੰਤ ਰਾਜ ਜੀ ਅਤੇ ਦਵਿੰਦਰ ਗੌਤਮ ਜੀ ਦੀ ਸ਼ਾਇਰੀ ਦਾ ਅਨੰਦ ਤਾਂ ਨਹੀਂ ਮਾਣਿਆ ਜਾ ਸਕਿਆ। ਏਨੇ ਥੋੜ੍ਹੇ ਸਮੇਂ ਵਿੱਚ ਮੈਂ ਜੋ ਸਮਝ ਸਕਿਆ ਹਾਂ ਉਹ ਇਹ ਹੈ ਕਿ ਇਹ ਸੰਸਥਾ 'ਗ਼ਜ਼ਲ ਮੰਚ ਸਰੀ', ਕੈਨੇਡਾ ਸਹੀ ਅਰਥਾਂ ਵਿੱਚ ਪੰਜਾਬੀ ਗ਼ਜ਼ਲ ਦੀ ਸੇਵਾ ਕਰ ਰਹੀ ਹੈ। ਪੰਜਾਬੀ ਗ਼ਜ਼ਲ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਉਣ ਲਈ ਇਹ ਸੰਸਥਾ ਪ੍ਰਦੇਸ ਵਿੱਚ ਬੈਠ ਕੇ ਵੀ ਦੇਸ਼ ਵਿੱਚ ਬੈਠੀਆਂ ਕਈ ਸੰਸਥਾਵਾਂ ਨਾਲੋਂ ਵੱਧ ਯਤਨਸ਼ੀਲ ਹੈ। ਪੰਜਾਬੀ ਗ਼ਜ਼ਲ ਨੂੰ ਹਰਮਨ ਪਿਆਰਾ ਬਣਾਉਣ ਦੇ ਨਾਲ ਨਾਲ ਹੀ ਇਹ ਮੰਚ, ਗ਼ਜ਼ਲ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਵੀ ਅਗਾਂਹ ਵਧ ਕੇ ਸੇਵਾ ਕਰ ਰਿਹਾ ਹੈ। ਇਸ ਮੰਚ ਦੀ ਇੱਕ ਹੋਰ ਵਿਸ਼ੇਸ਼ ਗੱਲ ਹੈ ਅਸੂਲਾਂ ਦਾ ਪਾਲਣ ਕਰਨਾ ਅਤੇ ਸੰਸਥਾ ਨੂੰ ਅਸੂਲਾਂ ਅਨੁਸਾਰ ਚਲਾਉਣਾ। ਸਮਾਗਮ ਛੋਟਾ ਹੋਵੇ ਜਾਂ ਵੱਡਾ, ਇਹ ਸੰਸਥਾ ਕਦੇ ਵੀ ਅਸੂਲਾਂ ਨਾਲ ਸਮਝੌਤਾ ਨਹੀਂ ਕਰਦੀ। ਸੰਸਥਾ ਦੇ ਮੈਂਬਰਾਂ ਦਾ ਆਪਸੀ ਪਿਆਰ, ਆਪਸੀ ਤਾਲ-ਮੇਲ ਅਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਇਸ ਸੰਸਥਾ ਸੀ ਸ਼ੋਭਾ ਲਈ ਸੋਨੇ ਤੇ ਸੁਹਾਗੇ ਵਾਂਗ ਹੈ। ਇਹ ਸੰਸਥਾ ਦਿਨ ਬਦਿਨ ਹੋਰ ਬੁਲੰਦੀਆਂ ਨੂੰ ਛੂਹੇ ਇਹੀ ਮੇਰੀ ਤਮੰਨਾ ਹੈ ਅਤੇ ਇਹੀ ਅਰਦਾਸ ਹੈ।
ਡਾ: ਪ੍ਰਿਥੀਪਾਲ ਸੋਹੀ
ਗ਼ਜ਼ਲ ਮੰਚ ਸਰੀ ਦੀਆਂ ਗਤੀਵਿਧੀਆਂ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਵੇਖਦਾ ਆ ਰਿਹਾ ਹਾਂ । ਇਸ ਮੰਚ ਦੇ ਸਾਰੇ ਹੀ ਗ਼ਜ਼ਲਗੋ ਬਹੁਤ ਸੰਵੇਦਨਾ ਭਰੀ ਤੇ ਭਾਵਪੂਰਨ ਗ਼ਜ਼ਲ ਲਿਖਦੇ ਅਤੇ ਕਹਿੰਦੇ ਹਨ। ਇੰਨਾਂ ਦੁਆਰਾ ਹਰ ਸਾਲ ਜੋ ਸਲਾਨਾ ਮੁਸ਼ਾਹਿਰਾ ਆਯੋਜਿਤ ਕੀਤਾ ਜਾਂਦਾ ਉਸ ਦਾ ਪੱਧਰ ਕੌਮਾਂਤਰੀ ਪੱਧਰ ਦਾ ਹੁੰਦਾ ਹੈ। ਇੰਨਾਂ ਦੀਆਂ ਰਚਨਾਵਾਂ ਸਰੋਤਿਆਂ ਨੂੰ ਮਾਨਸਿਕ ਸਕੂਨ ਦਿੰਦੀਆਂ ਹੋਈਆਂ ਬਹੁਤ ਆਨੰਦਤ ਕਰਦੀਆਂ ਹਨ। ਸਰੀ ਦੇ ਲਾਟਾਂ ਪਲਾਂਟਾਂ ਵਾਲੇ ਕਲਚਰ ਨੂੰ ਸੰਗੀਤਕ ਤੇ ਸੂਖਮ ਸਰੂਪ ਪ੍ਰਦਾਨ ਕਰਕੇ ਇੰਨਾਂ ਨੇ ਸਰੀ ਦਾ ਵਾਤਾਵਰਣ ਬਦਲਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਸਲਾਨਾ ਸਮਾਗਮ ਤੋਂ ਇਲਾਵਾ ਇੰਨਾਂ ਦੀਆਂ ਲਗਾਤਾਰ ਹੋਣ ਵਾਲੀਆਂ ਮੀਟਿੰਗਾਂ ਤੇ ਮਹਿਫ਼ਲਾਂ ਦੀ ਰੰਗਤ ਵੀ ਬਹੁਤ ਸੋਹਣੀ ਹੁੰਦੀ ਹੈ। ਇੰਨਾਂ ਸਾਰੇ ਮੈਂਬਰਾਂ ਦਾ ਆਪਸੀ ਪਿਆਰ ਤੇ ਸੋਥਾ ਵੀ ਇਸ ਵਿਅਕਤੀਵਾਦੀ ਸਮਾਜ ਵਿੱਚ ਹੋਰਾਂ ਲਈ ਪਥਪ੍ਰਦਸ਼ਕ ਬਣਦਾ ਹੈ। ਮੈਂ ਗ਼ਜ਼ਲ ਮੰਚ ਸਰੀ ਦੀ ਹੋਰ ਤਰੱਕੀ ਅਤੇ ਰਚਨਾਤਮਿਕ ਵਿਕਾਸ ਲਈ ਦੁਆ ਕਰਦਾ ਹਾਂ ।