ਭਾਰਤ ਤੋਂ ਬਾਹਰ ਰਹਿਣ ਵਾਲੇ ਲੇਖਕਾਂ ਨਾਲ ਵੱਡੀ ਮੁਸ਼ਕਲ ਇਹ ਪੇਸ਼ ਆਉਂਦੀ ਹੈ ਕਿ ਉਨ੍ਹਾਂ ਨੂੰ ਕਿਤਾਬ ਛਪਵਾਉਣ ਲਈ ਭਾਰਤ ਵਿਚਲੇ ਪ੍ਰਕਾਸ਼ਕਾਂ ਦੇ ਮੂੰਹ ਵੱਲ ਦੇਖਣਾ ਪੈਂਦਾ ਹੈ। ਦੁਰਾਡੇ ਮੁਲਕਾਂ ਵਿਚ ਰਹਿੰਦੇ ਹੋਣ ਕਰ ਕੇ ਅਤੇ ਹਕੀਕਤ ਤੋਂ ਅਣਜਾਣ ਹੋਣ ਕਰ ਕੇ ਲੇਖਕ ਅਕਸਰ ਠੱਗੇ ਜਾਂਦੇ ਹਨ। ਉਨ੍ਹਾਂ ਨਾਲ ਛਪ ਰਹੀਆਂ ਕਿਤਾਬਾਂ ਦੀ ਗਿਣਤੀ ਬਾਰੇ ਝੂਠੇ ਵਾਅਦੇ ਕੀਤੇ ਜਾਂਦੇ ਹਨ ਅਤੇ ਇਕ ਵੱਡੀ ਰਕਮ ਵਸੂਲ ਕਰ ਲਈ ਜਾਂਦੀ ਹੈ। ਇਸ ਤਰ੍ਹਾਂ ਪ੍ਰਕਾਸ਼ਕ ਆਪਣਾ ਮੁਨਾਫ਼ਾ ਪਹਿਲਾਂ ਰਾਖਵਾਂ ਕਰ ਲੈਂਦੇ ਹਨ ਅਤੇ ਕਿਤਾਬਾਂ ਦੀ ਡਿਸਟ੍ਰੀਬਿਊਸ਼ਨ ਤੇ ਲੋੜੀਂਦੀ ਮਿਹਨਤ ਨਹੀਂ ਕਰਦੇ। ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਗ਼ਜ਼ਲ ਮੰਚ ਸਰੀ ਨੇ ਭਾਰਤ ਤੋਂ ਬਾਹਰ ਵੱਸਦੇ ਲੇਖਕਾਂ ਦੀ ਮਦਦ ਕਰਨ ਦਾ ਤਹੱਈਆ ਕੀਤਾ। ਗ਼ਜ਼ਲ ਮੰਚ ਨੇ ਕੈਨੇਡੀਅਨ ISBN ਹੇਠਾਂ ਪ੍ਰਕਾਸ਼ਨਾਂ ਦਾ ਕਾਰਜ ਅਰੰਭਿਆ ਹੈ। ਗ਼ਜ਼ਲ ਮੰਚ ਲੇਖਕਾਂ ਨੂੰ ਉਨ੍ਹਾਂ ਦੀ ਬਣਦੀ ਲਾਗਤ ਤੇ ਕਿਤਾਬਾਂ ਛਾਪ ਕੇ ਦੇਣ ਲਈ ਵਚਨਬੱਧ ਹੈ, ਸ਼ਰਤ ਇਹ ਹੈ ਕਿ ਕਿਤਾਬ ਛਪਣ ਯੋਗ ਹੋਵੇ। ਗ਼ਜ਼ਲ ਮੰਚ, ਕਿਉਂ ਕਿ ਗ਼ੈਰ-ਲਾਭਕਾਰੀ ਸੰਸਥਾ ਹੈ ਇਸ ਲਈ ਕਿਤਾਬ ਦੀ ਪੀ.ਡੀ ਐੱਫ਼ ਦੇ ਵਿਤਰਨ ਤੇ ਕੋਈ ਰੋਕ ਨਹੀਂ ਲਾਉਂਦਾ। ਗ਼ਜ਼ਲ ਮੰਚ ਨੇ ਹੁਣ ਤੱਕ ਪੰਜ ਕਿਤਾਬਾਂ ਛਾਪੀਆਂ ਹਨ। ਜਿਨ੍ਹਾਂ ਵਿਚ ਗੌਤਮ ਦੀ ਗ਼ਜ਼ਲ ਪੁਸਤਕ 'ਸੁਪਨੇ ਸੌਣ ਨਾ ਦਿੰਦੇ(2020)', ਰਾਜਵੰਤ ਰਾਜ ਦੀ ਗ਼ਜ਼ਲ ਪੁਸਤਕ 'ਟੁੱਟੇ ਸਿਤਾਰੇ ਚੁਗਦਿਆਂ(2021)', ਕ੍ਰਿਸ਼ਨ ਭਨੋਟ ਦੀ ਗ਼ਜ਼ਲ ਪੁਸਤਕ 'ਗਹਿਰੇ ਪਾਣੀਆਂ ਵਿਚ(2023)', ਰਾਜਵੰਤ ਰਾਜ ਦਾ ਨਾਵਲ 'ਵਰੋਲ਼ੇ ਦੀ ਜੂਨ(2023)' ਅਤੇ ਦਿਉਲ ਪਰਮਜੀਤ ਦੀ ਗ਼ਜ਼ਲ ਪੁਸਤਕ 'ਕੂੰਜਾਂ ਦੇ ਰੂਬਰੂ (2023)' ਸ਼ਾਮਲ ਹਨ।