ਡਾ: ਸਾਹਿਬ ਸਿੰਘ
ਡਾ: ਸਾਹਿਬ ਸਿੰਘ, ਭਾਰਤੀ ਪੰਜਾਬ ਦੇ ਬਹੁਤ ਹੀ ਨਾਮਵਰ ਨਾਟਕਰਮੀ ਹਨ ਜੋ ਆਪਣੇ ਲਿਖੇ ਡਰਾਮਿਆਂ ਨੂੰ ਬਹੁਤ ਖ਼ੂਬਸੂਰਤੀ ਨਾਲ ਖੇਡਦੇ ਹਨ। ਉਨ੍ਹਾਂ ਦੇ ਡਰਾਮਿਆਂ ਵਿਚ ਸਮਾਜ ਦੀਆਂ ਡੂੰਘੀਆਂ ਰਮਜ਼ਾਂ ਛੁਪੀਆਂ ਹੁੰਦੀਆਂ ਹਨ। ਗ਼ਜ਼ਲ ਮੰਚ ਦੇ ਵਿਹੜੇ ਚ ਉਨ੍ਹਾਂ ਨਾਲ ਮੁਲਾਕਾਤ ਬਹੁਤ ਹੀ ਯਾਦਗਾਰੀ ਰਹੀ।
ਦਰਸ਼ਨ ਬੁੱਟਰ
ਦਰਸ਼ਨ ਬੁੱਟਰ ਪੰਜਾਬ ਦੀ ਸਭ ਤੋਂ ਵੱਡੀ ਲਿਟਰੇਰੀ ਸੰਸਥਾ, ਕੇਂਦਰੀ ਲਿਖਾਰੀ ਸਭਾ ਪੰਜਾਬ ਦੇ ਪ੍ਰਧਾਨ ਹਨ। ਉਹ ਸ਼੍ਰੋਮਣੀ ਪੰਜਾਬੀ ਕਵੀ ਅਤੇ ਸਾਹਿਤ ਅਕਾਡਮੀ ਦਿੱਲੀ ਅਵਾਰਡਾਂ ਦੇ ਜੇਤੂ ਹਨ। ਨਵੰਬਰ 2023 ਵਿਚ ਉਹ ਗ਼ਜ਼ਲ ਮੰਚ ਦੇ ਦਫ਼ਤਰ ਆਏ ਅਤੇ ਉਨ੍ਹਾਂ ਨੇ ਆਪਣੇ ਜੀਵਨ, ਕੰਮਾਂ ਅਤੇ ਸਿਰਜਣਾਂ ਨਾਲ ਸਾਂਝ ਪੁਆਈ।
ਵਿਜੇ ਧਾਮੀ
ਵਿਜੇ ਧਾਮੀ ਚੜ੍ਹਦੇ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਗੀਤਕਾਰ ਹੈ। ਜਿਸ ਦੇ ਗੀਤ, ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਗਾਏ ਹਨ। ਗ਼ਜ਼ਲ ਮੰਚ ਦੇ ਦਫ਼ਤਰ ਵਿਚ ਉਸ ਦੀ ਆਮਦ ਯਾਦਗਾਰੀ ਹੋ ਨਿੱਬੜੀ।
ਪ੍ਰਭਜੋਤ ਸੋਹੀ
ਪ੍ਰਭਜੋਤ ਸੋਹੀ ਪੰਜਾਬੀ ਕਵਿਤਾ ਜਗਤ ਦਾ ਜਾਣਿਆਂ-ਪਛਾਣਿਆਂ ਨਾਂ ਹੈ ਅਤੇ ਗੀਤ ਅਤੇ ਕਵਿਤਾ ਦਾ ਉੱਘਾ ਸ਼ਾਇਰ ਹੈ। ਉਹ ਕਿੱਤੇ ਵਜੋਂ ਅਧਿਆਪਕ ਹੈ। ਗ਼ਜ਼ਲ ਮੰਚ ਦੇ ਦਫ਼ਤਰ ਵਿਚ ਉਸ ਦੀਆਂ ਕਵਿਤਾਵਾਂ ਨੇ ਸਭ ਦਾ ਮਨ ਮੋਹ ਲਿਆ।
ਸੰਤੋਖ ਮਿਨਿਹਾਸ
ਸੰਤੋਖ ਮਿਨਹਾਸ ਕੈਲੇਫ਼ੋਰਨੀਆ ਵੱਸਦਾ, ਸਾਡਾ ਮਸ਼ਹੂਰ ਪੱਤਰਕਾਰ ਅਤੇ ਕਵੀ ਹੈ। ਉਸ ਦੀ ਕਵਿਤਾ ਵਿਚ ਅੰਤਾਂ ਦੀ ਗਹਿਰਾਈ ਹੈ, ਰਵਾਨੀ ਹੈ, ਤਨਜ ਹੈ, ਸੁਹਜ ਹੈ। ਗ਼ਜ਼ਲ ਮੰਚ ਦੇ ਦਫ਼ਤਰ ਵਿਚ ਉਸ ਦੀ ਕਾਵਿਕ-ਪੇਸ਼ਕਾਰੀ ਕਮਾਲ ਹੋ ਨਿੱਬੜੀ।
.
ਪਾਲ ਢਿੱਲੋਂ
ਪਾਲ ਢਿੱਲੋਂ ਕੈਨੇਡਾ ਦੇ ਸ਼ਹਿਰ ਵਰਨਨ ਰਹਿਣ ਵਾਲਾ ਮਸ਼ਹੂਰ ਗ਼ਜ਼ਲਗੋ ਹੈ। ਉਸ ਦੀਆਂ ਹੁਣ ਤਕ ਸੱਤ ਕਿਤਾਬਾਂ ਆ ਚੁੱਕੀਆਂ ਹਨ। ਗ਼ਜ਼ਲ ਮੰਚ ਦੇ ਦਫ਼ਤਰ ਵਿਚ ਉਸ ਦੀ ਫੇਰੀ, ਬਹੁਤ ਹੀ ਕਮਾਲ ਦਾ ਤਜਰਬਾ ਰਿਹਾ।
ਕੁਲਵਿੰਦਰ ਖਹਿਰਾ
ਕੁਲਵਿੰਦਰ ਖਹਿਰਾ ਬਹੁਤ ਜਾਣਿਆਂ ਪਛਾਣਿਆਂ ਗ਼ਜ਼ਲ ਸ਼ਾਇਰ ਅਤੇ ਨਾਟਕਕਾਰ ਹੈ। ਉਸ ਦੇ ਨਾਟਕ, ਕੈਨੇਡਾ ਵਿਚ ਬਹੁਤ ਪਸੰਦ ਕੀਤੇ ਜਾਂਦੇ ਹਨ। ਉਸ ਦਾ ਨਵਾਂ ਗ਼ਜ਼ਲ ਸੰਗ੍ਰਿਹ 2023 ਵਿਚ ਹੀ ਪ੍ਰਕਾਸ਼ਿਤ ਹੋਇਆ ਹੈ। ਗ਼ਜ਼ਲ ਮੰਚ ਦੇ ਦਫ਼ਤਰ ਵਿਚ ਉਸ ਨਾਲ ਲੰਮੀਆਂ ਵਿਚਾਰਾਂ ਹੋਈਆਂ।
ਦਿਓਲ ਪਰਮਜੀਤ
ਮਈ 2023 ਵਿਚ ਗ਼ਜ਼ਲ ਮੰਚ ਸਰੀ ਨੂੰ, ਪਰਮਜੀਤ ਦਿਓਲ ਦੀ ਮਹਿਮਾਨ-ਨਿਵਾਜ਼ੀ ਕਰਨ ਦਾ ਮੌਕਾ ਮਿਲਿਆ। ਪਰਮਜੀਤ ਕਵਿਤਾ ਅਤੇ ਗ਼ਜ਼ਲ, ਦੋਹਾਂ ਵਿਧਾਵਾਂ ਵਿਚ ਹੀ ਪਰਿਪੱਕ ਲੇਖਿਕਾ ਹੈ। ਗ਼ਜ਼ਲ ਮੰਚ ਸਰੀ ਵੱਲੋਂ ਹੀ ਉਸ ਦੀ ਪੁਸਤਕ 'ਕੂੰਜਾਂ ਦੇ ਰੂਬਰੂ' ਪ੍ਰਕਾਸ਼ਤ ਕੀਤੀ ਗਈ ਹੈ। ਇਸੇ ਵਕਤ ਹੀ ਲਾਹੌਰ ਯੂਨੀਵਰਸਿਟੀ ਦੇ ਫ਼ਾਰਸੀ ਦੇ ਪ੍ਰੋਫ਼ੈਸਰ ਡਾ: ਫਰੀਦ ਵੀ ਪਧਾਰੇ। ਉਨ੍ਹਾਂ ਨੇ ਵੀ ਫ਼ਾਰਸੀ ਅਤੇ ਪੰਜਾਬੀ ਦੇ ਲਿਟਰੇਚਰ ਵਿਚਲੀਆਂ ਸਾਝਾਂ ਬਾਰੇ ਕਈ ਨੁਕਤੇ ਸਾਂਝੇ ਕੀਤੇ।
.
ਕੰਵਲ ਜਗਰਾਓਂ
ਦਸੰਬਰ 2022 ਵਿਚ ਕੈਲੇਫ਼ੋਰਨੀਆਂ ਰਹਿਣ ਵਾਲੇ ਪੰਜਾਬੀ ਸ਼ਾਇਰ ਕੰਵਲ ਜਗਰਾਓਂ ਨੇ ਗ਼ਜ਼ਲ ਮੰਚ ਦੇ ਦਫ਼ਤਰ ਪੈਰ ਪਏ। ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਖ਼ੂਬ ਗੱਲਬਾਤ ਹੋਈ।
ਗੁਰਦਿਆਲ ਰੌਸ਼ਨ
ਅਕਤੂਬਰ 2022 ਵਿਚ ਪੰਜਾਬ ਦੇ ਪ੍ਰਸਿੱਧ ਉਸਤਾਦ ਗ਼ਜ਼ਲਗੋ, ਗੁਰਦਿਆਲ ਰੌਸ਼ਨ ਨੇ ਗ਼ਜ਼ਲ ਮੰਚ ਦੇ ਵਿਹੜੇ ਫੇਰੀ ਪਾਈ। ਗ਼ਜ਼ਲ ਦੀ ਚੜ੍ਹਤ ਅਤੇ ਗ਼ਜ਼ਲ ਦੀਆਂ ਸੰਭਾਵਨਾਵਾਂ ਬਾਰੇ ਕਾਫ਼ੀ ਗੱਲਬਾਤ ਹੋਈ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕੰਮਾਂ ਅਤੇ ਸਿਰਜਣਾ ਦੀ ਜਾਣਕਾਰੀ ਦਿੱਤੀ।
.
ਆਸਟਰੇਲੀਅਨ ਮਹਿਮਾਨ
ਅਕਤੂਬਰ 2022 ਵਿਚ ਹੀ, ਅਸਟਰੇਲੀਅਨ ਪੰਜਾਬੀ ਲੇਖਕਾਂ ਦਾ ਇਕ ਵਫ਼ਦ ਸਰੀ ਕੈਨੇਡਾ ਆਇਆ। ਗ਼ਜ਼ਲ ਮੰਚ ਨੇ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਬਣਦਾ ਮਾਣ-ਤਾਣ ਕੀਤਾ। ਇਨ੍ਹਾਂ ਵਿਚ ਸਰਬਜੀਤ ਸੋਹੀ, ਬਿੱਕਰ ਬਾਈ, ਪਾਲ ਰਾਉਕੇ ਅਤੇ ਸੁਰਜੀਤ ਸੰਧੂ ਸ਼ਾਮਲ ਸਨ। ਸਾਹਿਤਿੱਕ ਸੰਭਾਵਨਾਵਾਂ ਉੱਤੇ ਲੰਮੀ ਵਿਚਾਰ ਚਰਚਾ ਹੋਈ।
ਅਮਨ ਸੀ. ਸਿੰਘ ਅਤੇ ਅਜਮੇਰ ਰੋਡੇ
ਮਸ਼ਹੁਰ ਕਵਿਤਰੀ ਅਮਨ ਸੀ. ਸਿੰਘ ਅਤੇ ਨਾਮਵਰ ਕਵੀ ਅਤੇ ਨਾਟਕਕਾਰ ਅਜਮੇਰ ਰੋਡੇ ਜੀ ਗ਼ਜ਼ਲ ਮੰਚ ਦੇ ਸੱਦੇ ਤੇ, ਦਫ਼ਤਰ ਆਏ। ਦੋਹਾਂ ਨੇ ਆਪਣੀਆਂ ਕਵਿਤਾਵਾਂ ਅਤੇ ਜੀਵਨ ਨਾਲ ਸਾਂਝ ਪੁਆਈ। ਇਹ ਮਹਿਫ਼ਿਲ ਬਹੁਤ ਹੀ ਯਾਦਗਾਰੀ ਰਹੀ।
ਸੁਰਿੰਦਰ ਕੈਲੇ
ਸੁਰਿੰਦਰ ਕੈਲੇ ਵਰਗੇ ਸੀਨੀਅਰ ਲੇਖਕ ਅਤੇ ਸੰਪਾਦਕ ਦੀ ਮਹਿਮਾਨ-ਨਿਵਾਜ਼ੀ, ਗ਼ਜ਼ਲ ਮੰਚ ਵਾਸਤੇ ਬਹੁਤ ਹੀ ਮਾਣਮੱਤੀ ਪ੍ਰਾਪਤੀ ਸੀ। ਸੁਰਿੰਦਰ ਕੈਲੇ ਪਿਛਲੇ ਪੰਜਾਹ ਸਾਲ ਤੋਂ ਇਕ ਲਘੂ-ਮੈਗਜ਼ੀਨ , 'ਅਣੂ' ਕੱਢਦੇ ਆ ਰਹੇ ਹਨ। ਉਨ੍ਹਾਂ ਦੀ ਇਸ ਲੰਮੀ ਘਾਲਣਾ ਬਾਰੇ ਉਨ੍ਹਾਂ ਨੇ ਬਹੁਤ ਖੁੱਲ੍ਹ ਕੇ ਗੱਲਬਾਤ ਕੀਤੀ।
ਅਮ੍ਰਿਤ ਦੀਵਾਨਾ ਅਤੇ ਲੱਖਾ ਸਿੱਧਵਾਂ
ਕਵੀ ਅਮ੍ਰਿਤ ਦੀਵਾਨਾ ਅਤੇ ਮਸ਼ਹੂਰ ਸਾਬਕਾ ਕਬੱਡੀ ਖਿਡਾਰੀ ਲੱਖਾ ਸਿੱਧਵਾਂ ਜੋ ਕੇ ਪੰਜਾਬੀ ਦਾ ਕਵੀ ਵੀ ਹੈ, ਗ਼ਜ਼ਲ ਮੰਚ ਦੇ ਦਫ਼ਤਰ ਆਏ। ਦੋਹਾਂ ਨਾਲ ਖ਼ੂਬ ਗੱਲਾਂ-ਬਾਤਾਂ ਹੋਈਆਂ।
ਨਵਪ੍ਰੀਤ ਰੰਧਾਵਾ ਅਤੇ ਮੀਨੂ ਬਾਵਾ
ਕੈਲਗਰੀ ਰਹਿਣ ਵਾਲੀ ਗ਼ਜ਼ਲਕਾਰਾ ਨਵਪ੍ਰੀਤ ਅਤੇ ਸਰੀ ਵੱਸਦੀ ਗਾਇਕਾ ਮੀਨੂ ਬਾਵਾ, ਗ਼ਜ਼ਲ ਮੰਚ ਦੀਆਂ ਮਹਿਮਾਨ ਬਣੀਆਂ। ਦੋਹਾਂ ਨੇ ਆਪੋ-ਆਪਣੀ ਕਲਾ ਨਾਲ ਸਾਂਝ ਪੁਆਈ। ਨਵਪ੍ਰੀਤ ਨੇ ਖ਼ੂਬਸੂਰਤ ਸ਼ਿਅਰ ਕਹੇ ਜਦ ਕਿ ਮੀਨੂੰ ਬਾਵਾ ਨੇ ਇਕ ਉਰਦੂ ਗ਼ਜ਼ਲ ਗਾ ਕੇ ਰੰਗ ਬੰਨ੍ਹਿਆ।
ਰਾਜਦੀਪ ਤੂਰ
ਗ਼ਜ਼ਲ ਸ਼ਾਇਰ ਰਾਜਦੀਪ ਤੂਰ ਚੜ੍ਹਦੇ ਪੰਜਾਬ ਦਾ ਜਾਣਿਆ ਪਛਾਣਿਆ ਨਾਂ ਹੈ। ਗ਼ਜ਼ਲ ਮੰਚ ਦੇ ਦਫ਼ਤਰ ਵਿਚ ਉਨ੍ਹਾਂ ਦੀ ਆਮਦ ਵੀ ਕਮਾਲ ਦਾ ਤਜਰਬਾ ਰਿਹਾ। ਉਨ੍ਹਾਂ ਨੇ ਸਾਹਿਤਿਕ ਗੱਲਾਂਬਾਤਾਂ ਅਤੇ ਗ਼ਜ਼ਲਾਂ ਨਾਲ ਸਾਂਝ ਪੁਆਈ।
ਭੁਪਿੰਦਰ ਦੁਲੇ
ਕੈਨੇਡਾ ਦੇ ਸ਼ਹਿਰ ਟੋਰਾਂਟੋ ਰਹਿਣ ਵਾਲੇ ਮਸ਼ਹੂਰ ਗ਼ਜ਼ਲਗੋ ਭੁਪਿੰਦਰ ਦੁਲੇ, ਗ਼ਜ਼ਲ ਮੰਚ ਦੇ ਵਿਹੜੇ ਆਏ। ਟੋਰਾਂਟੋ ਦੀਆਂ ਸਾਹਿਤਿੱਕ ਗਤੀਵਿਧੀਆਂ ਬਾਰੇ ਲੰਮੀ ਗੱਲਬਾਤ ਹੋਈ। ਉਨ੍ਹਾਂ ਨੇ ਆਪਣੀਆਂ ਨਵੀਆਂ ਤੇ ਪੁਰਾਣੀਆਂ ਗ਼ਜ਼ਲਾਂ ਨਾਲ ਸਾਂਝ ਪੁਆਈ।
ਹਰਜਿੰਦਰ ਕੰਗ
ਕੈਲੇਫ਼ੋਰਨੀਆ ਰਹਿਣ ਵਾਲੇ ਪੰਜਾਬੀ ਦੇ ਮਸ਼ਹੂਰ ਗੀਤਕਾਰ ਅਤੇ ਗ਼ਜ਼ਲਗੋ ਹਰਜਿੰਦਰ ਕੰਗ ਨੇ ਗ਼ਜ਼ਲ ਮੰਚ ਦੇ ਦਫ਼ਤਰ ਵਿਚ ਪੈਰ ਪਾ ਕੇ ਗ਼ਜ਼ਲ ਮੰਚ ਦੀ ਸ਼ਾਨ ਵਿਚ ਵਾਧਾ ਕੀਤਾ। ਉਨ੍ਹਾਂ ਨੇ ਜਿੱਥੇ ਖ਼ੂਬਸੂਰਤ ਗ਼ਜ਼ਲਾਂ ਨਾਲ ਸਾਂਝ ਪੁਆਈ ਉੱਥੇ ਹੀ ਗ਼ਜ਼ਲ ਵਿਚ ਹੋਰ ਸੰਭਾਵਨਾਵਾਂ ਤੇ ਆਪਣੇ ਵਿਚਾਰ ਰੱਖੇ
ਡਾ: ਗੋਪਾਲ ਬੁੱਟਰ
ਡਾ: ਗੋਪਾਲ ਬੁੱਟਰ ਅਤੇ ਉਨ੍ਹਾਂ ਦੀ ਸੁਪਤਨੀ ਕੁਲਵਿੰਦਰ ਬੁੱਟਰ ਦਾ ਗ਼ਜ਼ਲ ਮੰਚ ਦੇ ਦਫ਼ਤਰ ਆਉਣਾ ਵੀ ਮਾਣਮੱਤਾ ਤਜਰਬਾ ਰਿਹਾ। ਡਾ: ਗੋਪਾਲ ਬੁੱਟਰ, ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਹਨ। ਉਹ ਜਿੱਥੇ ਪੰਜਾਬੀ ਦੇ ਸਿਰਕੱਢ ਵਿਦਵਾਨ ਹਨ ਉੱਥੇ ਹੀ ਕਮਾਲ ਦੇ ਕਵੀ ਵੀ ਹਨ।
ਭੁਪਿੰਦਰ ਦੁਲੇ
ਨਵੰਬਰ 2023 ਵਿਚ ਇਕ ਵਾਰ ਫਿਰ ਭੁਪਿੰਦਰ ਦੁਲੇ ਸਾਡੇ ਮਹਿਮਾਨ ਬਣੇ। ਇਸ ਵਾਰ ਉਨ੍ਹਾਂ ਨੇ ਆਪਣੇ ਪਿਤਾ ਮਸ਼ਹੂਰ ਗ਼ਜ਼ਲਗੋ ਮਰਹੂਮ ਰਣਧੀਰ ਚੰਦ ਹੁਰਾਂ ਦੀ ਸਮੁੱਚੀ ਸ਼ਾਇਰੀ ਦੀ ਕਿਤਾਬ ਵੀ ਗ਼ਜ਼ਲ ਮੰਚ ਨੂੰ ਭੇਂਟ ਕੀਤੀ।
ਨਵਰੂਪ ਸਿੰਘ
ਨਵੰਬਰ 2023 ਵਿਚ ਐਬਟਫ਼ੋਰਡ ਦੇ ਰਹਿਣ ਵਾਲੇ ਸਾਬਕਾ ਪੱਤਰਕਾਰ ਨਵਰੂਪ ਗ਼ਜ਼ਲ ਮੰਚ ਦੇ ਦਫ਼ਤਰ ਆਏ। ਗ਼ਜ਼ਲ ਮੰਚ ਦੇ ਸਲਾਨਾ ਪ੍ਰੋਗਰਾਮਾਂ ਵਿਚ ਵਿਸ਼ੇਸ਼ ਸਹਾਇਤਾ ਦੇਣ ਲਈ ਗ਼ਜ਼ਲ ਮੰਚ ਨੇ ਉਨ੍ਹਾਂ ਦਾ ਸਨਮਾਨ ਕੀਤਾ
ਡਾ: ਗੋਪਾਲ ਬੁੱਟਰ
ਨਵੰਬਰ 2023 ਵਿਚ ਇਕ ਵਾਰ ਫਿਰ ਡਾ: ਗੋਪਾਲ ਬੁੱਟਰ ਜੀ ਗ਼ਜ਼ਲ ਮੰਚ ਦੇ ਦਫ਼ਤਰ ਆਏ। ਉਨ੍ਹਾਂ ਨੇ ਕਨੇਡਾ ਅਤੇ ਭਾਰਤ ਵਿਚਲੇ ਕੁਝ ਨਵੇਂ ਤਜਰਬੇ ਸਾਂਝੇ ਕੀਤੇ।
ਕੁਲਵਿੰਦਰ ਅਤੇ ਸੁਖਦੇਵ ਸਾਹਿਲ
ਸਤੰਬਰ 2019 ਵਿਚ, ਕੈਲੇਫ਼ੋਰਨੀਆ ਵੱਸਦੇ ਪ੍ਰਸਿੱਧ ਸ਼ਾਇਰ ਕੁਲਵਿੰਦਰ ਅਤੇ ਨਾਮਵਾਰ ਕਲਾਸੀਕਲ ਗਾਇਕ ਸੁਖਦੇਵ ਸਾਹਿਲ, ਗ਼ਜ਼ਲ ਮੰਚ ਦੇ ਦਫ਼ਤਰ ਆਏ। ਦੋਹਾਂ ਨੇ ਆਪੋ-ਆਪਣੀ ਕਲਾ ਨਾਲ ਸਭ ਦਾ ਮਨ ਮੋਹ ਲਿਆ।
ਐਡਵੋਕੇਟ ਹਾਕਮ ਸਿੰਘ
ਚੜ੍ਹਦੇ ਪੰਜਾਬ ਦੇ ਮਸ਼ਹੂਰ ਵਕੀਲ, ਐਡਵੋਕੇਟ ਹਾਕਮ ਸਿੰਘ ਨੇ ਸਰੀ ਫੇਰੀ ਦੌਰਾਨ, ਗ਼ਜ਼ਲ ਮੰਚ ਸਰੀ ਦੇ ਦਫ਼ਤਰ ਫੇਰੀ ਪਾਈ। ਉਨ੍ਹਾਂ ਨਾਲ ਪੰਜਾਬ ਦੇ ਹਾਲਾਤ ਅਤੇ ਸੰਭਾਵਨਾਵਾਂ ਬਾਰੇ ਲੰਮੇ ਵਿਚਾਰ ਵਟਾਂਦਰੇ ਹੋਏ।
ਕਵੀ ਸਤੀਸ਼ ਬਸੀ
16 ਮਾਰਚ 2024, ਪੰਜਾਬ ਦੇ ਸ਼ਹਿਰ ਲੁਧਿਆਣੇ ਤੋਂ, ਕਵੀਲੋਕ ਸੰਸਥਾ ਦੇ ਸੰਸਥਾਪਕ ਸਤੀਸ਼ ਬਸੀ ਜੀ ਗ਼ਜ਼ਲ ਮੰਚ ਦੇ ਵਿਹੜੇ ਆਏ। ਉਹ ਉਰਦੂ ਅਤੇ ਪੰਜਾਬੀ, ਦੋਹਾਂ ਭਾਸ਼ਾਵਾਂ ਵਿਚ ਲਿਖਦੇ ਹਨ। ਉਨ੍ਹਾਂ ਨਾਲ ਸਾਹਿਤ ਬਾਰੇ ਅਤੇ ਗ਼ਜ਼ਲ ਵਿਧਾ ਬਾਰੇ ਲੰਮੇ ਵਿਚਾਰ ਵਟਾਂਦਰੇ ਹੋਏ। ਇਸ ਉਪਰੰਤ ਉਨ੍ਹਾਂ ਨੇ ਆਪਣੀਆਂ ਕਾਫ਼ੀ ਰਚਨਾਵਾਂ ਨਾਲ ਸਾਂਝ ਪੁਆਈ। ਗ਼ਜ਼ਲ ਮੰਚ ਦੇ ਮੈਂਬਰਾਂ ਵੱਲੋਂ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ।