ਬਲਦੇਵ ਸੀਹਰਾ ਪੰਜਾਬ ਦਾ ਜੰਮਪਲ ਹੈ ਅਤੇ ਇੱਥੋਂ ਹੀ ਉਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਿਆ। ਹੇਠਲੇ ਮੱਧਵਰਗੀ ਪਰਿਵਾਰ ਵਿੱਚੋਂ ਉੱਠ ਕੇ ਉਸ ਨੇ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ। ਮਿਹਨਤ ਅਤੇ ਲਗਨ ਸਦਕਾ ਉਸ ਨੇ ਬੌਟਨੀ ਵਿਚ ਐੱਮ.ਐੱਸ.ਸੀ ਦੀ ਡਿੱਗਰੀ ਹਾਸਲ ਕੀਤੀ ਉਪਰੰਤ ਉਹ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਪੜ੍ਹਾਉਣ ਲੱਗ ਗਿਆ। ਜ਼ਿੰਦਗੀ ਵਿਚ ਹੋਰ ਅੱਗੇ ਵਧਦਾ ਹੋਇਆ ਉਹ ਅਧਿਆਪਨ ਕਾਰਜ ਕਰਦਿਆਂ-ਕਰਦਿਆਂ ਫਿਜ਼ੀ ਹੁੰਦਿਆਂ ਹੋਇਆਂ ਕੈਨੇਡਾ ਜਾ ਪਹੁੰਚਿਆ। ਹਾਲਾਂ ਕਿ ਉਸ ਦਾ ਪਿਛੋਕੜ, ਵਿਗਿਆਨ ਦੀ ਪੜ੍ਹਾਈ ਦਾ ਹੈ ਅਤੇ ਉਸ ਨੇ ਦਸਵੀਂ ਤੱਕ ਹੀ ਪੰਜਾਬੀ ਪੜ੍ਹੀ ਹੈ, ਫਿਰ ਵੀ ਮਾਂ ਬੋਲੀ ਪੰਜਾਬੀ ਉੱਤੇ ਉਸ ਦੀ ਕਮਾਲ ਦੀ ਪਕੜ ਹੈ। ਉਸ ਮੁਤਾਬਕ, ਗਹਿਰੀ ਪੰਜਾਬੀ ਨਾਲ ਉਸ ਦੀ ਮੁਲਾਕਾਤ ਉਨ੍ਹਾਂ ਚਿੱਠੀਆਂ ਰਾਹੀਂ ਹੋਈ ਜੋ ਉਸ ਨੇ ਆਪਣੀ ਮੰਗੇਤਰ ਨੂੰ ਵਿਆਹ ਤੋਂ ਬਾਅਦ ਲਿਖੀਆਂ।
ਰੋਜ਼ੀ ਰੋਟੀ ਦਾ ਮਸਲਾ ਉਹਨੂੰ ਕੈਨੇਡਾ ਖਿੱਚ ਲਿਆਇਆ, ਜਿੱਥੇ ਕੁਝ ਹੋਰ ਪੜ੍ਹਾਈ ਕਰਕੇ ਉਹ ਪੱਕੇ ਤੌਰ ਤੇ ਵੱਸ ਗਿਆ। ਉਸ ਨੇ ਕਲਮ ਬਹੁਤ ਦੇਰ ਬਾਅਦ ਜਾ ਕੇ ਫੜੀ ਹੈ। ਉਮਰ ਦੇ ਸੱਠਵਿਆਂ 'ਚ ਉਹ ਕਵਿਤਾ ਲਿਖਦਾ-ਲਿਖਦਾ, ਗ਼ਜ਼ਲ ਵਰਗੀ ਔਖੀ ਵਿਧਾ ਤੇ ਹੱਥ ਅਜ਼ਮਾ ਬੈਠਾ। ਉਹ ਕਹਿੰਦਾ ਹੈ ਕਿ ਉਸ ਨੇ ਇਕ ਤਰ੍ਹਾਂ ਹੇਠਾਂ ਖੜ੍ਹੇ ਨੇ ਪੌੜੀ ਦੇ ਅਖੀਰਲੇ ਡੰਡੇ ਨੂੰ ਹੱਥ ਪਾ ਲਿਐ। ਪਰ ਇਹ ਉਸ ਦੀ ਖ਼ੁਸ਼ਕਿਸਮਤੀ ਸੀ ਕਿ ਗ਼ਜ਼ਲ ਦੇ ਬਿਖੜੇ ਰਾਹਾਂ ਤੇ ਉਸ ਦੀ ਮੁਲਾਕਾਤ ਰਾਜਵੰਤ ਰਾਜ ਅਤੇ ਕ੍ਰਿਸ਼ਨ ਭਨੋਟ ਵਰਗੇ ਗ਼ਜ਼ਲਕਾਰਾਂ ਨਾਲ ਹੋ ਗਈ। ਜਿਨ੍ਹਾਂ ਨੇ ਗ਼ਜ਼ਲ ਲਿਖਣ ਵਿਚ ਉਸ ਦੀ ਭਰਪੂਰ ਅਗਵਾਈ ਕੀਤੀ। ਇਕ ਵਾਰ ਸ਼ੁਰੂ ਹੋਣ ਤੋਂ ਬਾਅਦ ਬਲਦੇਵ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਵੀ ਉਹ ਪੂਰੇ ਸਿਰੜ ਨਾਲ ਆਪਣੀ ਗ਼ਜ਼ਲਕਾਰੀ ਵਿਚ ਖੁੱਭਿਆ ਹੋਇਆ ਹੈ ਅਤੇ ਉਹ ਗ਼ਜ਼ਲ ਮੰਚ ਸਰੀ ਦਾ ਮਾਣਮੱਤਾ ਮੈਂਬਰ ਹੈ।
ਉਸ ਦੀਆਂ ਹੁਣ ਤੱਕ ਪੰਜ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਨ੍ਹਾਂ ਵਿਚ ਅਧੂਰੇ ਖ਼ਾਬ (ਕਵਿਤਾਵਾਂ), ਬਰਫ਼ ਬਣਿਆ ਹਾਂ(ਗ਼ਜ਼ਲ ਸੰਗ੍ਰਹਿ), ਫ਼ਾਸਲੇ(ਗ਼ਜ਼ਲ ਸੰਗ੍ਰਹਿ), ਢਲ਼ਦੀ ਸ਼ਾਮ(ਗ਼ਜ਼ਲ ਸੰਗ੍ਰਹਿ), ਖ਼ਾਲੀ ਬੇੜੀਆਂ(ਗ਼ਜ਼ਲ ਸੰਗ੍ਰਹਿ) ਸ਼ਾਮਲ ਹਨ।
ਬਲਦੇਵ ਗ਼ਜ਼ਲ ਮੰਚ ਸਰੀ ਦੇ ਸਾਰੇ ਪ੍ਰੋਗਰਾਮਾਂ ਵਿਚ ਆਪਣਾ ਖ਼ਾਸ ਸਹਿਯੋਗ ਦਿੰਦਾ ਹੈ ਅਤੇ ਆਖ਼ਰੀ ਦਮ ਤੱਕ ਇਸ ਦੀ ਸਹਾਇਤਾ ਲਈ ਵਚਨ ਬੱਧ ਹੈ।
ਬਲਦੇਵ ਸੀਹਰਾ ਦੀਆਂ ਕਿਤਾਬਾਂ