ਕ੍ਰਿਸ਼ਨ ਭਨੋਟ ਦਾ ਜਨਮ ਜ਼ਿਲ੍ਹਾ ਲੁਧਿਆਣੇ ਦੇ ਇਕ ਨਿੱਕੇ ਜਹੇ , ਪਰ ਇਤਿਹਾਸਕ ਮਹੱਤਤਾ ਵਾਲ਼ੇ ਪਿੰਡ ਭੈਣੀ ਸਾਹਿਬ ਵਿਖੇ ,26 ਮਾਰਚ 1954 ਨੂੰ ਹੋਇਆ ਜਿਹੜਾ ਕਿ ਕੂਕਾ ਲਹਿਰ ਦੇ ਬਾਨੀ , "ਬਾਬਾ ਰਾਮ ਸਿੰਘ " ਕਰ ਕੇ ਜਾਣਿਆਂ ਜਾਂਦਾ ਹੈ । ਕ੍ਰਿਸਨ ਭਨੋਟ ਦੇ ਆਪਣੇ ਕਥਨ ਅਨੁਸਾਰ , ਕਿਤਾਬਾਂ ਪੜ੍ਹਨ ਦੀ ਰੁਚੀ ਦਾ ਜਨਮ ਸ਼ਾਇਦ ਮੇਰੇ ਜਨਮ ਨਾਲ਼ ਹੀ ਹੋ ਗਿਆ , ਪ੍ਰਾਇਮਰੀ ਸਕੂਲ 'ਚ ਪੜ੍ਹਦਿਆਂ ਜਦ ਮੈਂ ਅੱਖਰ ਉਠਾਲਣ ਜੋਗਾ ਹੋਇਆ ਤਾਂ ਘਰ ਵਿਚ ਪਈਆਂ ਧਾਰਮਿਕ ਪੁਸਤਕਾਂ , ਰਮਾਇਣ , ਮਹਾਂਭਾਰਤ , ਦੇ ਅੱਖਰਾਂ ਨਾਲ਼ ਖੇਡਣ ਲੱਗ ਪਿਆ । ਹਾਈ ਸਕੂਲ ਪੜ੍ਹਦਿਆਂ , ਸਕੂਲ ਦੀ ਲਾਇਬਰੇਰੀ ਚੋਂ ਮਿਲਦੀਆਂ ਕਿਤਾਬਾਂ ਦਾ ਅਜੇਹਾ ਭੁਸ ਪਿਆ ਕਿ ਮੈਂ ਕਿਤਾਬੀ ਕੀੜਾ ਹੀ ਬਣ ਗਿਆ । ਇਨ੍ਹਾਂ ਸਮਿਆਂ ਦੌਰਾਨ ਹੀ ਪਤਾ ਨਹੀਂ ਕਦੋਂ ਮੇਰੀ ਕ਼ਲਮ , ਗੀਤ , ਕਵਿਤਾਵਾਂ ਲਿਖਣ ਦੇ ਆਹਰੇ ਲੱਗ ਗਈ। ਮਾਲਵਾ ਕਾਲਜ ,ਬੌਂਦਲੀ-ਸਮਰਾਲਾ ਪੜ੍ਹਦਿਆਂ ਕਾਲਜ ਦੇ ਸਾਹਿਤਕ ਮਾਹੌਲ ਕਾਰਨ ਲਿਖਣ ਦਾ ਸ਼ੌਕ , ਜਨੂੰਨ ਹੋ ਨਿਬੜਿਆ । ਮੇਰੀਆਂ ਰਚਨਾਵਾਂਕਾਲਜ ਦੇ ਮੈਗ਼ਜੀਨ ਵਿਚ ਛਪਣ ਤੋਂ ਇਲਾਵਾ , ਰਸਾਲਿਆਂ ਅਖ਼ਬਾਰਾਂ 'ਚ ਵੀ ਛਪਣ ਲੱਗ ਪਈਆਂ । ਮੇਰੇ ਰਾਜਨੀਤਕ ਵਿਗਿਆਨ ਦੇ ਪ੍ਰੋਫੈਸਰ ਜਿਹੜੇ ਕਿ ਆਪ ਨਾਮਵਰ ਵਿਦਵਾਨ ਕਵੀ ਤੇ ਕਹਾਣੀਕਾਰ ਸਨ , ਉਨ੍ਹਾ ਰਾਹੀਂ ਮੇਰਾ ਸਬੰਧ ਇਲਾਕੇ ਦੀਆਂ ਸਾਹਿਤਕ ਸਭਾਵਾਂ ਨਾਲ਼ ਜੁੜ ਗਿਆ । ਹੌਲੀ ਹੌਲੀ , ਇਲਾਕੇ ਦੇ ਚਰਚਿਤ , ਗ਼ਜ਼ਲਗੋਆਂ , ਸਵਰਗੀ ਅਜਾਇਬ ਚਿਤਰਕਾਰ , ਕੁਲਵੰਤ ਨੀਲੋਂ , ਸੁਰਜੀਤ ਰਾਮਪੁਰੀ , ਇੰਦਰਜੀਤ ਹਸਨਪੁਰੀ , ਰਣਧੀਰ ਸਿੰਘ ਚੰਦ ਹੋਰਾਂ ਦੇ ਅਸਰ-ਅਧੀਨ ਗ਼ਜ਼ਲ ਵੱਲ ਅਜੇਹਾ ਝੁਕਾ ਹੋਇਆ ਬਸ ਗ਼ਜ਼ਲ ਜੋਗਾ ਹੋ ਕੇ ਹੀ ਰਹਿ ਗਿਆ। ਹੌਲੀ ਪੰਜਾਬ ਦੀਆਂ ਅਨੇਕਾਂ ਸਾਹਿਤ- ਸਭਾਵਾਂ ਵੱਲੋਂ ਕ੍ਰਿਸ਼ਨ ਭਨੋਟ ਨੂੰ ਗ਼ਜ਼ਲ ਦੀ ਵਰਕਸ਼ਾਪ ਲਾਉਣ ਦੈ ਸੁਨੇਹੇ ਆਉਣ ਲੱਗੇ । ਖੱਬੇ ਮੋਢੇ ਉੱਤੇ ਲੰਮੀ ਲੜੀ ਵਾਲਾਂ ਝੋਲਾ ਚੁੱਕੀਂ ਉਹ ਪੰਜਾਬ ਦੀਆਂ ਦੂਰ -ਦੁਰੇਡੀਆਂ ਸਾਹਿਤ- ਸਭਾਵਾਂ 'ਚ ਵੀ ਉਹ ਪਹੁੰਚ ਜਾਂਦਾ । ਗ਼ਜ਼ਲ ਸਿੱਖਣ ਦੇ ਚਾਹਵਾਨਾਂ ਨੂੰ ਉਹ ਛੰਦਾਂ -ਬਹਿਰਾਂ ਬਾਰੇ ਉਹ ਏਨੇ ਸਰਲ- ਤਰੀਕੇ ਨਾਲ਼ ਸਮਝਾਉਂਦਾ ਕਿ ਅਰੂਜ਼ ਤਕਨੀਕ ਤੇ ਬਹਿਰਾਂ ਉਹ ਆਸਾਨੀ ਨਾਲ਼ ਸਮਝ ਜਾਂਦੇ । ਇਹਨਾਂ ਸਮਿਆਂ ਦੌਰਾਨ ਪਤਾ ਨਹੀਂ ਕਦੋਂ ਉਸਦੇ ਨਾਂ ਨਾਲ਼ ਉਸਤਾਦ ਦੀ ਅੱਲ ਜੁੜ ਗਈ , ਜਿਹੜੀ ਕਿ ਹੁਣ ਉਸਦੇ ਚਾਹੁੰਦਿਆਂ ਹੋਇਆਂ ਵੀ ਉਸਦੇ ਨਾਂ ਨਾਲੋਂ ਨਹੀਂ ਲਹਿੰਦੀ ।
ਕ੍ਰਿਸ਼ਨ ਭਨੋਟ , ਦੇ ਹੁਣ ਤੀਕ 9 ਗ਼ਜ਼ਲ -ਸੰਗ੍ਰਹਿ . ਤੇ ਅਰੂਜ਼ ਨਾਲ਼ ਸਬੰਧਤ ਇਕ ਪੁਸਤਕ , ਗ਼ਜ਼ਲ ਦੀ ਬਣਤਰ ਤੇ ਅਰੂਜ਼ ਛਪ ਚੁੱਕੀ ਹੈ । ਗ਼ਜ਼ਲ ਦੀ ਬਣਤਰ ਤੇ ਅਰੂਜ਼ ਨਵੇਂ ਗ਼ਜ਼ਲ ਸਿੱਖਿਆਰਥੀਆਂ ਵਿਚ ਅਜੇਹੀ ਹਰਮਨ ਪਿਆਰੀ ਹੋਈ ਕਿ ਪਹਿਲਾ ਐਡੀਸ਼ਨ ਹੱਥੋ ਹੱਥ ਵਿਕ ਗਿਆ । ਕ੍ਰਿਸਨ ਭਨੋਟ ਦੇ ਆਪਣੇ ਕਥਨ ਅਨੁਸਾਰ , ਉਹ ਇਸ ਪੁਸਤਕ , ਦੀ ਪੀ ਡੀ ਐਫ , ਸੈਂਕੜੇ ਗ਼ਜ਼ਲ ਸਿੱਖਣ ਦੇ ਚਾਹਵਾਨਾਂ ਨੂੰ ਭੇਜ ਚੁੱਕੇ ਹਨ ।
ਕ੍ਰਿਸ਼ਨ ਭਨੋਟ , ਦਾ ਗ਼ਜ਼ਲ ਦਾ ਸਫ਼ਰ , ਬੜਾ ਮਾਣਮੱਤਾ ਰਿਹਾ ਹੈ ,ਉਸਨੇ ਅਨੇਕਾਂ ਨਵੇਂ ਗ਼ਜ਼ਲਕਾਰਾਂ ਨੂੰ ਸੇਧ ਦਿੱਤੀ, ਲਗਪਗ ਅੱਧੀ ਸਦੀ ਤੋਂ ਉਹ ਸਾਹਿਤਕ ਖੇਤਰ 'ਚ ਸਰਗਰਮ ਹੈ । ਕ੍ਰਿਸ਼ਨ ਭਨੋਟ ਦੀ ਗ਼ਜ਼ਲ ਦੇ ਸਮੁੱਚੇ ਸਰੋਕਾਰ , ਇਨਸਾਨੀਅਤ ਅਤੇ ਸਮਾਜ ਦੀ ਬਿਹਤਰੀ ਦੀ ਤਮੰਨਾ ਹਨ । ਉਸਦੀ ਸ਼ਾਇਰੀ ਦੀ ਸੁਰ ਹਮੇਸ਼ਾਂ ਪ੍ਰਗਤੀਸ਼ੀਲ ਰਹੀ ਹੈ । ਉਹ ਜਾਣਦਾ ਹੈ ਕਿ ਪੂੰਜੀਵਾਦੀ ਨਿਜ਼ਾਮ ਵਿਚ ਕਾਮਾ ਅਤੇ ਆਮ-ਮਨੁੱਖ ਆਸਰਾਹੀਣ ਤੇ ਬੇਚਾਰਾ ਬਣਕੇ ਰਹਿ ਗਿਆ ਹੈ । ਬੁਰਜੁਆਜੀ ਸਮਾਜ ਵਿਚ ਆਦਮੀ ਮੁਨਾਫ਼ੇ ਬਾਰੇ ਹੀ ਵਿਚਾਰ ਸਕਦਾ ਹੈ । ਉਹ ਮਨੁੱਖਤਾ ਦੇ ਅਹਿਮ ਮੁੱਦਿਆਂ ਨੂੰ ਕਾਵਿ - ਚਿਤਰਾਂ ਰਾਹੀਂ ਬਾ-ਖ਼ੂਬੀ ਪੇਸ਼ ਕਰਦਾ ਹੈ । ਕ੍ਰਿਸ਼ਨ ਭਨੋਟ ਜਦ ਸ਼ਿਅਰ ਕਹਿੰਦਾ ਹੈ ਉਹ ਠੋਸ ਹਕ਼ੀਕਤਾਂ ਉੱਤੇ ਨਿਰਭਰ ਹੁੰਦੇ ਹਨ । ਕਲਪਨਾ ਦੀਆਂ ਕੰਧਾਂ ਤੋਂ ਪਾਰ ਜਦ ਉਹ ਝਾਕਦਾ ਹੈ ਤਾਂ ਤੀਜੀ ਅੱਖ ਨਾਲ਼ ਯਥਾਰਥ ਭਾਲ਼ ਲੈਂਦਾ ਹੈ । ਅਸਲ ਵਿਚ ਉਹ ਐਸਾ ਦੀਦਾਵਰ ਸ਼ਾਇਰ ਹੈ ਜਿਸਦੀ ਗ਼ਜ਼ਲ ਅਤੇ ਕਾਵਿਕਾਰੀ ਉਸਦੀ ਸਮਰੱਥਾ ਅਨੁਸਾਰ ਸੁਚੇਤ ਰਹਿੰਦਿਆਂ ਅਸਰ ਛੱਡਦੀ ਹੈ ।
ਕ੍ਰਿਸ਼ਨ ਭਨੋਟ ਦੀਆਂ ਕਿਤਾਬਾਂ