ਗੌਤਮ ਦਾ ਜਨਮ ਪੰਜਾਬ ( ਭਾਰਤ ) ਵਿਚ ਹੋਇਆ । ਵਿਦਿਆਰਥੀ ਜੀਵਨ 'ਚ ਹੀ ਪੁਸਤਕਾਂ ਪੜ੍ਹਨ ਦਾ ਉਸਦਾ ਸ਼ੌਕ , ਡੀ ਏ ਵੀ ਕਾਲਜ ਨਕੋਦਰ ਵਿਚ ਮੈਡੀਕਲ ਸਾਇੰਸ ਦੀ 10+2 ਕਰਦਿਆਂ ਕਦੋਂ ਕਾਵਿਕ ਸਿਰਜਣਾ ਵੱਲ ਮੁੜ ਗਿਆ , ਪਤਾ ਹੀ ਨਹੀਂ ਲੱਗਿਆ । ਕਾਲਜ ਦੇ ਸਲਾਨਾ ਫ਼ੰਕਸ਼ਨ ਤੇ ਜਦੋਂ ਉਸਨੇ ਆਪਣੀ ਤਰੰਨਮ 'ਚ ਵਿਦਿਆਰਥੀਆਂ ਨਾਲ਼ ਸਾਂਝੀ ਕੀਤੀ , ਓਦੋਂ ਤੋਂ ਹੀ ਕਾਲਜ ਵਿਚ ਇਸਦੇ ਨਾਲ਼ ਕਵੀ ਦਾ ਲਕਬ ਆਪ- ਮੁਹਾਰੇ ਜੁੜ ਗਿਆ । ਰਣਧੀਰ ਕਾਲਜ , ਕਪੂਰਥਲੇ ਬੀ ਐਸ ਸੀ ਕਰਦਿਆਂ ਇਹ ਸ਼ੌਕ ਹੋਰ ਪ੍ਰਵਾਨ ਚੜ੍ਹਿਆ ਜਿਹੜਾ , ਜਿਹੜਾ ਇੰਟਰ - ਕਾਲਜ ਦੀਆਂ ਸਟੇਜਾ ਤੀਕ ਜਾ ਪਹੁੰਚਿਆ ।ਪੰਜਾਬੀ ਯੂਨੀਵਰਸਿਟੀ , ਪਟਿਆਲੇ 'ਚ ਮੈ ਐਸ ਸੀ .ਕਰਦਿਆਂ , ਇਹ ਸ਼ੌਕ ਜਨੂੰਨ ਹੋ ਨਿਬੜਿਆ ।
ਗੌਤਮ ਦੇ ਕਨੇਡਾ ਦੌਰਾਨ ਇਹ ਸ਼ੌਕ ਬਰਕਰਾਰ ਤਾਂ ਰਿਹਾ , ਪਰ ਲੋੜੀਂਦਾ ਮਾਹੌਲ ਨਾ ਮਿਲਣ ਕਰ ਕੇ ਕੁਝ ਦੇਰ ਮੱਠਾ ਜ਼ਰੂਰ ਪਿਆ , ਪਰ ਸਰੀ 'ਚ ਕੁਝ ਨਾਮੀ ਗ਼ਜ਼ਲਗੋਆਂ ਦੀ ਸੰਗਤ ਹੋਣ ਕਰ ਕੇ , ਉਸਦੀ ਸ਼ਾਇਰੀ ਦਾ ਗ਼ਜ਼ਲ ਵੱਲ ਗਿਆ । ਗੌਤਮ ਤੇ ਉਸਦੇ ਕੁਝ ਗ਼ਜ਼ਲਗੋਅ ਦੋਸਤਾ ਦੀ ਪਹਿਲ -ਕਦਮੀ ਨਾ਼ , ਗ਼ਜ਼ਲ ਮੰਚ , ਸਰੀ -ਕਨੇਡਾ ਦੀ ਬੁਨਿਆਦ ਰੱਖੀ ਗਈ , ਜਿਸਦਾ ਦਫ਼ਤਰ ਵੀ ਉਸਦੇ ਗ੍ਰਹਿ ਵਿਖੇ ਹੀ ਸਥਾਪਤ ਹੋਇਆ , ਜਿੱਥੇ ਸਮੇਂ ਸਮੇਂ " ਗ਼ਜ਼ਲ ਮੰਚ -ਸਰੀ -ਕਨੇਡਾ ਦੀਆਂ ਇਕੱਤਰਤਾਵਾਂ ਹੋਣ ਲੱਗੀਆਂ । ਇਸ ਮਾਹੌਲ ਨਾਲ਼ ਗੌਤਮ ਦੀ ਸ਼ਾਇਰੀ ਵਿਚ ਕਮਾਲ ਦਾ ਨਿਖਾਰ ਆਇਆ । ਉਸਦੀ ਗ਼ਜ਼ਲ ਪ੍ਰਵਾਨ ਚੜ੍ਹਨ ਲੱਗੀ , ਇਹਨਾਂ ਸਮਿਆਂ ਦੌਰਾਨ ਉਸਦਾ ਪਲੇਠਾ ਗ਼ਜ਼ਲ-ਸੰਗ੍ਰਹਿ ," ਸੁਪਨੇ ਸੌਣ ਨਾ ਦਿੰਦੇ " ਪ੍ਰਕਾਸ਼ਤ ਹੋਇਆ । ਅੱਜ ਕੱਲ੍ਹ ਗੌਤਮ , ਗ਼ਜ਼ਲ ਮੰਚ , ਸਰੀ ਦੇ ਸਕੱਤਰ ਵਜੋਂ ਅਹਿਮ ਜ਼ਿੰਮੇਵਾਰੀ ਨਿਭਾ ਰਿਹਾ ਹੈ । ਗ਼ਜ਼ਲ ,ਮੰਚ ਦੇ ਅਹਿਮ ਸਮਾਗਮਾਂ ਤੇ ਵੀ ਉਹ ਕਈ ਵਾਰ ਐਮ ਸੀ ਦੀਆਂ ਸੇਵਾਵਾਂ ਨਿਭਾ ਚੁੱਕਿਆ ਹੈ
'ਸੁਪਨੇ ਸੌਣ ਨਾ ਦਿੰਦੇ' ਗੌਤਮ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ ਜੋ ਕਿ ਗ਼ਜ਼ਲ ਮੰਚ ਸਰੀ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ 63 ਖ਼ੂਬਸੂਰਤ ਗ਼ਜ਼ਲਾਂ ਹਨ। ਕਿਤਾਬ ਦਾ ਨਾਂ ਕਲਿੱਕ ਕਰ ਕੇ ਤੁਸੀਂ ਕਿਤਾਬ ਪੜ੍ਹ ਸਕਦੇ ਹੋ।