ਗੁਰਮੀਤ ਸਿੱਧੂ ਭਾਰਤੀ, ਪੰਜਾਬ ਦਾ ਜੰਮ-ਪਲ਼ ਹੈ ਅਤੇ ਉੱਥੋਂ ਹੀ ਉਸ ਨੇ ਆਪਣੀ ਮੁਢਲੀ ਪੜ੍ਹਾਈ ਕੀਤੀ। ਜਲੰਧਰ ਡੀ.ਏ.ਵੀ ਕਾਲਜ ਤੋਂ ਪਰੀ-ਇੰਜੀਨੀਅਰਿੰਗ ਕਰਕੇ ਉਸ ਨੇ ਮਕੈਨੀਕਲ ਇੰਜੀਨੀਅਰਿੰਗ ਵਿਚ ਤਿੰਨ ਸਾਲ ਦਾ ਡਿਪਲੋਮਾ 1987 ਵਿਚ ਪੂਰਾ ਕੀਤਾ। ਇਸ ਪਿੱਛੋਂ ਉਸ ਨੇ ਹਿੰਦੁਸਤਾਨ ਹਾਈਡਰੌਲਿਕਸ ਵਿਚ ਸਰਵਿਸ ਇੰਜੀਨੀਅਰ ਅਤੇ ਜਗਤਜੀਤ ਇੰਡਸਟਰੀ ਵਿਚ ਬਤੌਰ ਅਸਿਸਟੈਂਟ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਈਆਂ। 1991 ਵਿਚ ਗੁਰਮੀਤ ਸਿੱਧੂ ਕੈਨੇਡਾ ਆ ਵਸਿਆ। ਉਸ ਦਾ ਸਾਹਿਤ ਨਾਲ ਵਾਹ 1982, ਜਲੰਧਰ ਡੀ.ਏ.ਵੀ ਕਾਲਜ ਪੜ੍ਹਦਿਆਂ ਹੀ ਪੈ ਗਿਆ ਸੀ ਜਿੱਥੇ ਉਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਕਵਿਤਾ ਲਿਖੀ। ਉਸ ਨੇ ਕਾਫ਼ੀ ਕਵਿਤਾਵਾਂ ਲਿਖੀਆਂ ਪਰ ਕਦੇ ਸਾਂਭੀਆਂ ਨਹੀਂ। ਕੈਨੇਡਾ ਵਿਚ ਆ ਕੇ ਉਸ ਨੇ ਜਿਨ੍ਹਾਂ ਸਾਹਿਤਿਕ ਸੰਸਥਾਵਾਂ ਵਿਚ ਸ਼ਮੂਲੀਅਤ ਸ਼ੁਰੂ ਕੀਤੀ ਉਨ੍ਹਾਂ ਵਿਚ ਕੇਂਦਰੀ ਲਿਖਾਰੀ ਸਭਾ ਅਤੇ ਵੈਨਕੂਵਰ ਲੇਖਕ ਮੰਚ ਦੇ ਨਾਮ ਜ਼ਿਕਰਯੋਗ ਹਨ। ਗੁਰਮੀਤ ਸਿੱਧੂ ਨੇ ਸੰਨ 2001 ਤੋਂ ਗੰਭੀਰਤਾ ਨਾਲ ਲਿਖਣਾ ਸ਼ੁਰੂ ਕੀਤਾ ਅਤੇ ਆਪਣੀਆਂ ਕਵਿਤਾਵਾਂ ਸਾਂਭਣੀਆਂ ਸ਼ੁਰੂ ਕੀਤੀਆਂ। ਦਰਅਸਲ ਉਸ ਦੀਆਂ ਬਹੁਤੀਆਂ ਮੁੱਢਲੀਆਂ ਕਵਿਤਾਵਾਂ ਪੰਜਾਬੀ ਗੀਤਾਂ ਦੇ ਰੂਪ ਵਿਚ ਸਨ।
ਸੰਨ 2017 ਵਿਚ ਗੁਰਮੀਤ ਦੀ ਮੁਲਾਕਾਤ ਗ਼ਜ਼ਲ ਉਸਤਾਦ ਕ੍ਰਿਸ਼ਨ ਭਨੋਟ ਨਾਲ ਹੋਈ। ਉਸ ਨੇ ਕ੍ਰਿਸ਼ਨ ਭਨੋਟ ਤੋਂ ਗ਼ਜ਼ਲ ਦੀ ਦੀਖਿਆ ਲੈਣੀ ਸ਼ੁਰੂ ਕੀਤੀ। ਕ੍ਰਿਸ਼ਨ ਭਨੋਟ ਜੀ ਦੀਆਂ ਕੋਸ਼ਿਸ਼ਾਂ ਸਦਕਾ ਗੁਰਮੀਤ ਨੇ ਅਰੂਜ਼ੀ ਨੁਕਤਿਆਂ ਅਤੇ ਗ਼ਜ਼ਲ ਦੀਆਂ ਪੰਜਾਬੀ ਵਿਚ ਲਿਖੀਆਂ ਜਾਣ ਵਾਲੀਆਂ ਬਹਿਰਾਂ ਦਾ ਗਿਆਨ ਹਾਸਲ ਕੀਤਾ।
ਸੰਨ 2018 ਵਿਚ ਗੁਰਮੀਤ ਸਿੱਧੂ 'ਗ਼ਜ਼ਲ ਮੰਚ ਸਰੀ' ਦੀ ਟੀਮ ਵਿਚ ਸ਼ਾਮਲ ਹੋ ਗਿਆ। ਅਤੇ ਉਦੋਂ ਤੋਂ ਹੀ ਉਹ ਗ਼ਜ਼ਲ ਮੰਚ ਸਰੀ ਦਾ ਮਾਣਮੱਤਾ ਮੈਂਬਰ ਹੈ। ਗ਼ਜ਼ਲ ਮੰਚ ਦੇ ਆਲਮੀ ਪੱਧਰ ਦੇ ਗ਼ਜ਼ਲਗੋਆਂ ਦੀ ਅਗਵਾਈ ਨਾਲ ਉਸ ਦੀ ਗ਼ਜ਼ਲ ਵਿਚ ਹੋਰ ਨਿਖਾਰ ਆਇਆ ਅਤੇ ਤਕਨੀਕੀ ਜਾਣਕਾਰੀ ਵਿਚ ਹੋਰ ਵਾਧਾ ਹੋਇਆ। ਗੁਰਮੀਤ ਦਾ ਪਹਿਲਾ ਗ਼ਜ਼ਲ ਸੰਗ੍ਰਹਿ 2024 ਵਿਚ ਛਪਣ ਜਾ ਰਿਹਾ ਹੈ।