ਗ਼ਜ਼ਲ ਮੰਚ ਸਰੀ ਨੂੰ ਏਥੋਂ ਦੇ ਪੰਜਾਬੀ ਭਾਈਚਾਰੇ ਦੇ ਉਚ ਪੱਧਰੀ ਮਨੋਰੰਜਨ ਅਤੇ ਕਲਾਤਮਿਕ ਤ੍ਰਿਪਤੀ ਪ੍ਰਦਾਨ ਕਰ ਕੇ ਰੋਜ਼ਾਨਾ ਜੀਵਨ 'ਚੋਂ ਨੀਰਸਤਾ ਦੂਰ ਕਰਨ , ਉਤਸ਼ਾਹ ਤੇ ਊਰਜਾ ਭਰਨ ਦਾ ਮਾਣ ਹਾਸਲ ਹੈ । ਸਾਡੀ ਇਹ ਸੰਸਥਾ ਗ਼ਜ਼ਲ ਦੀ ਕਲਾ ਰਾਹੀਂ ਉੱਚੇ ਆਦਰਸ਼ਾਂ ਅਤੇ ਮਿਆਰੀ ਕਦਰਾਂ ਕੀਮਤਾਂ ਨੂੰ ਪ੍ਰਚਾਰਨ ਪ੍ਰਸਾਰਣ ਵਾਲੀ ਗੈਰ-ਮੁਨਾਫ਼ਾ ਸੰਸਥਾ ਹੈ। ਸਾਡਾ ਟੀਚਾ ਧਰਮ, ਜਾਤ, ਸਮਾਜਿਕ ਰੁਤਬੇ, ਜਾਂ ਰਾਜਨੀਤਿਕ ਏਜੰਡਿਆਂ ਦੀ ਪਰਵਾਹ ਕੀਤੇ ਬਿਨਾਂ, ਸਰੀ ਦੇ ਭਾਈਚਾਰੇ ਨੂੰ ਇੱਕੋ ਮਾਨਵਤਾ ਦੇ ਝੰਡੇ ਹੇਠ ਲਿਆਉਣਾ ਹੈ। ਆਪਣੀ ਕਾਵਿ- ਕਲਾ ਰਾਹੀਂ ਬਗੈਰ ਕਿਸੇ ਵਿਤਕਰੇ ਦੇ ਕੈਨੇਡੀਅਨ ਬਹੁ-ਸਭਿਆਚਾਰਵਾਦ ਦਾ ਸਹੀ ਅਰਥਾਂ ਵਿਚ ਮਾਣ ਸਤਿਕਾਰ ਵਧਾਉਣਾ ਹੈ।। ਗ਼ਜ਼ਲ ਮੰਚ ਸਰੀ ਕੈਨੇਡਾ ਵਾਸੀਆਂ ਦੇ ਬਹੁ-ਰੰਗੇ ਗੁਲਦਸਤੇ ਵਿਚ ਆਪਸੀ ਮੇਲ-ਮਿਲਾਪ ਅਤੇ ਸਦਭਾਵਨਾ ਦੇ ਰੰਗ ਭਰਨ ਲਈ ਵਚਨਬੱਧ ਹੈ
ਅਸੀਂ ਆਪਣੇ ਸਮਾਗਮਾਂ ਵਿਚ ਸਥਾਨਕ ਕਵੀਆਂ ਤੋਂ ਇਲਾਵਾ ਦੁਨੀਆ ਭਰ ਦੇ ਵੱਖ-ਵੱਖ ਪਿਛੋਕੜ ਵਾਲੇ ਗ਼ਜ਼ਲਕਾਰਾਂ ਨੂੰ ਸਰੋਤਿਆਂ ਦੇ ਰੂਬਰੂ ਕਰਦੇ ਹਾਂ । ਇਸ ਤੋਂ ਇਲਾਵਾ, ਅਸੀਂ ਔਰਤ ਦੇ ਸਨਮਾਨ ਅਤੇ ਬਰਾਬਰੀ ਲਈ ਕਵਿੱਤਰੀਆਂ ਨੂੰ ਆਪਣੀਆਂ ਸਰਗਰਮੀਆਂ ਵਿਚ ਭਾਗੀਦਾਰ ਬਣਾਉਦੇ ਹਾਂ । ਅਸੀਂ ਗ਼ਜ਼ਲ-ਕਲਾ ਨੂੰ ਜ਼ਿੰਦਾ ਰੱਖਣ ਲਈ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਚਰਨ ਵਾਲੇ ਕਵੀਆਂ ਸਮੇਤ ਸਿਖਾਂਦਰੂਆਂ ਨੂੰ ਵੀ ਇਸ ਵਿਧਾ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਾਉਂਦੇ ਹਾਂ।
ਸਾਡੀ ਸੰਸਥਾ ਨੇ ਅੰਤਰਰਾਸ਼ਟਰੀ ਵਿਦਵਾਨਾਂ ਦਾ ਵੀ ਧਿਆਨ ਖਿੱਚਿਆ ਹੈ ਅਤੇ ਅਸੀਂ ਅਕਸਰ ਟੀਵੀ ਪ੍ਰੋਗਰਾਮਾਂ, ਸੋਸ਼ਲ ਮੀਡੀਆ ਅਤੇ ਅਖਬਾਰਾਂ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਿਤ ਹੁੰਦੇ ਰਹਿੰਦੇ ਹਾਂ। ਬਹੁਤ ਸਾਰੇ ਸਫ਼ਲ ਗ਼ਜ਼ਲ-ਸਮਾਰੋਹ ਰਚਾਉਣ ਕਾਰਨ , ਸਾਡਾ ਰੁਤਬਾ ਅਤੇ ਘੇਰਾ ਹੋਰ ਵਧਿਆ ਹੈ। ਸਾਡੀਆਂ ਸਰਗਰਮੀਆਂ/ਪ੍ਰਾਪਤੀਆਂ ਦੀ ਚਰਚਾ ਵਿਸ਼ਵ ਪੱਧਰ 'ਤੇ ਸਤਿਕਾਰ ਨਾਲ ਹੋਣ ਲੱਗੀ ਹੈ । ਸਾਡੀ ਸੰਸਥਾ ਦੇ ਬਹੁਤ ਸਾਰੇ ਮੈਂਬਰ ਖ਼ੁਦ ਨਾਮਵਰ ਕਵੀ ਹਨ। ਅਸੀਂ ਆਪਣੇ ਟੀਚਿਆਂ ਦੀ ਪੂਰਤੀ ਲਈ ਗ਼ਜ਼ਲ ਵਰਗੀ ਸ਼ਕਤੀਸ਼ਾਲੀ ਕਾਵਿ- ਵਿਧਾ ਰਾਹੀਂ ਭਾਈਚਾਰੇ ਦੀ ਕਲਾ-ਤਰਿਪਤੀ ਜਾਰੀ ਰੱਖਣ ਲਈ ਦ੍ਰਿੜ ਹਾਂ।