ਜਸਵਿੰਦਰ ਹੋਰੀਂ ਇੱਕ ਬਹੁਤ ਹੀ ਪ੍ਰਸਿੱਧ ਪੰਜਾਬੀ ਗ਼ਜ਼ਲ ਕਵੀ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਤਿਕਾਰਿਆ ਜਾਂਦਾ ਹੈ। ਜਸਵਿੰਦਰ ਹੁਰਾਂ ਦੇ ਗ਼ਜ਼ਲ ਸੰਗ੍ਰਹਿ 'ਅਗਰਬੱਤੀ' ਨੂੰ "ਭਾਰਤੀ ਸਾਹਿਤ ਅਕਾਦਮੀ" ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਭਾਸ਼ਾ ਵਿਭਾਗ ਵੱਲੋਂ, ਪੰਜਾਬ ਦਾ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਮਿਲ ਚੁੱਕਾ ਹੈ। ਉਨ੍ਹਾਂ ਦੇ ਆਪਣੇ ਕਥਨ ਅਨੁਸਾਰ: "ਗ਼ਜ਼ਲ-ਰਚਨਾ ਮੇਰੇ ਲਈ ਸਿਰਫ਼ ਸ਼ੌਕ ਨਹੀਂ ਹੈ ਸਗੋਂ ਮੇਰੀ ਸਮਾਜਿਕ ਯਥਾਰਥਕ ਪ੍ਰਤੀਬੱਧਤਾ ਦਾ ਓਨਾ ਹੀ ਪੀਡਾ ਉਚਾਰ ਹੈ ਜਿੰਨਾ ਕਿ ਹੋਰ ਕਿਸੇ ਕਾਵਿ ਵਿਧਾ ਜਾਂ ਨਜ਼ਮ ਵਿੱਚ ਹੁੰਦਾ ਹੈ।"
ਜਸਵਿੰਦਰ ਹੁਰਾਂ ਦੀ ਗ਼ਜ਼ਲ ਸ਼ਾਇਰੀ ਵਿੱਚ ਗੰਭੀਰ ਅਤੇ ਡੂੰਘੇ ਅਲੰਕਾਰ ਹੁੰਦੇ ਹਨ ਜੋ ਪਾਠਕਾਂ ਜਾਂ ਸਰੋਤਿਆਂ ਨੂੰ ਮਨੁੱਖੀ ਸੁਭਾਅ ਅਤੇ ਮਨੁੱਖੀ ਅਹਿਸਾਸਾਂ ਨੂੰ ਬਹੁਤ ਖ਼ੂਬਸੂਰਤੀ ਨਾਲ ਰੂਪਮਾਨ ਕਰਦੇ ਹਨ। ਜਸਵਿੰਦਰ ਹੁਰਾਂ ਦੀ ਕਵਿਤਾ ਵਿਚ ਇਕ ਅਨੂਠਾ ਰਸ ਹੈ ਜੋ ਉਨ੍ਹਾਂ ਨੂੰ ਬਾਕੀ ਸਮਕਾਲੀ ਕਵੀਆਂ ਨਾਲੋਂ ਨਿਖੇੜਦਾ ਹੈ। ਜਸਵਿੰਦਰ ਹੁਰਾਂ ਬਾਰੇ ਇਹ ਮਸ਼ਹੂਰ ਹੈ ਕਿ ਉਹ ਆਪਣੀ ਕਵਿਤਾ ਵਿਚ ਆਪ ਵੀ ਮੌਜੂਦ ਰਹਿੰਦੇ ਹਨ। ਉਨ੍ਹਾਂ ਦੇ ਆਪਣੇ ਕਥਨ ਅਨੁਸਾਰ, "ਹਰ ਕਵੀ ਹੀ ਆਪਣੀ ਕਵਿਤਾ ਲਈ ਜਵਾਬਦੇਹ ਹੁੰਦਾ ਹੈ। ਉਸ ਨੂੰ ਅਜਿਹਾ ਕਦੇ ਨਹੀਂ ਲਿਖਣਾ ਚਾਹੀਦਾ ਜਿਸ ਬਾਰੇ ਜਵਾਬ ਦੇਣ ਲੱਗਿਆਂ ਉਸ ਨੂੰ ਹਿਚਕਚਾਉਣਾ ਪਵੇ।" ਪਾਠਕਾਂ ਨੂੰ ਸ਼ਕਤੀ ਦੇਣ ਲਈ ਜਸਵਿੰਦਰ ਹੁਰਾਂ ਦਾ ਦਰਸ਼ਨ ਉਨ੍ਹਾਂ ਦੇ ਬਹੁ-ਪਰਤੀ ਅਲੰਕਾਰਾਂ ਵਿਚ ਸਪਸ਼ਟ ਰੂਪ ਵਿਚ ਝਲਕਦਾ ਰਹਿੰਦਾ ਹੈ।
ਅੱਜਕੱਲ੍ਹ ਜਸਵਿੰਦਰ ਕੈਨੇਡਾ ਆ ਗਏ ਹਨ ਅਤੇ ਹੁਣ ਉਹ ਸਰੀ ਵਿਚ ਰਹਿੰਦੇ ਹਨ। ਸਰੀ ਵਿਚ ਰਹਿੰਦਿਆਂ ਉਨ੍ਹਾਂ ਨੇ ਕੁਝ ਹੋਰ ਪ੍ਰਤਿਭਾਸ਼ਾਲੀ ਗ਼ਜ਼ਲ ਕਵੀਆਂ ਨਾਲ ਜੁੜ ਕੇ ਗ਼ਜ਼ਲ ਮੰਚ ਸਰੀ ਦੀ ਸਥਾਪਨਾ ਕੀਤੀ। ਅੱਜਕੱਲ੍ਹ ਉਹ ਇਸ ਸੰਸਥਾ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਹਨ। ਜਸਵਿੰਦਰ ਹੁਰਾਂ ਦੀ ਅਗਵਾਈ ਹੇਠ ਗ਼ਜ਼ਲ ਮੰਚ ਸਾਹਿਤਿਕ ਖੇਤਰ ਵਿਚ ਨਵੀਂਆਂ ਪੈੜਾਂ ਪਾ ਰਿਹਾ ਹੈ।
ਜਸਵਿੰਦਰ ਦੀਆਂ, ਅਤੇ ਜਸਵਿੰਦਰ ਉੱਪਰ ਲਿਖੀਆਂ ਕਿਤਾਬਾਂ