ਰਾਜਵੰਤ ਬਾਗੜੀ ਪ੍ਰਸਿੱਧ ਕਵੀ ਰਾਜਵੰਤ ਰਾਜ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ ਪੰਜਾਬ, ਭਾਰਤ ਦੇ ਪਿੰਡ ਇੱਬਣ ਵਿੱਚ ਹੋਇਆ। ਉਨ੍ਹਾਂ ਨੇ ਜਲੰਧਰ ਡੀ. ਏ. ਵੀ ਕਾਲਜ ਤੋਂ ਬੀ. ਕਾਮ ਦੀ ਪੜ੍ਹਾਈ ਕਰਨ ਉਪਰੰਤ ਨਵਾਬ ਜੱਸਾ ਸਿੰਘ ਆਹਲੂਵਾਲੀਆਂ ਕਾਲਜ ਕਪੂਰਥਲਾ ਤੋਂ ਐਮ. ਏ ਇਕਨਾਮਿਕਸ ਦੀ ਪੜ੍ਹਾਈ ਕੀਤੀ। 1999 ਵਿੱਚ, ਉਹ ਕੈਨੇਡਾ ਆਵਾਸ ਕਰ ਗਏ। ਸੰਨ 2000 ਵਿੱਚ, ਉਨ੍ਹਾਂ ਨੇ ਵੈਨਕੂਵਰ ਦੇ ਇੱਕ ਤਕਨੀਕੀ ਕਾਲਜ ਤੋਂ ਕੰਪਿਊਟਰ ਪ੍ਰੋਗਰਾਮਿੰਗ ਅਤੇ ਵੈਬ ਡਿਜ਼ਾਈਨ ਵਿੱਚ ਗ੍ਰੈਜੂਏਸ਼ਨ ਕੀਤੀ। ਰਾਜਵੰਤ ਹੁਰਾਂ ਦੀ ਯੂਨੀਵਰਸਿਟੀ ਸਮੇਤ ਸਕੂਲੀ ਪੜ੍ਹਾਈ ਦੌਰਾਨ ਪੰਜਾਬੀ ਸਾਹਿਤ ਵਿੱਚ ਦਿਲਚਸਪੀ ਸੀ, ਪਰ ਇਹ ਕਵਿਤਾ ਹੀ ਸੀ ਜਿਸ ਨੇ ਸੱਚਮੁੱਚ ਉਨ੍ਹਾਂ ਦਾ ਦਿਲ ਜਿੱਤ ਲਿਆ।
2009 ਵਿੱਚ, ਰਾਜਵੰਤ ਹੁਰਾਂ ਨੇ ਕੈਨੇਡਾ ਵਿੱਚ ਪਹਿਲੀ ਵਾਰ ਕਲਮ ਫੜ੍ਹੀ ਅਤੇ ਹਲਕੀ-ਫੁਲਕੀ ਕਵਿਤਾ ਰਚਣੀ ਸ਼ੁਰੂ ਕੀਤੀ। ਸਰੀ ਦੀਆਂ ਲੋਕਲ ਸਾਹਿੱਤਿਕ ਸੰਸਥਾਵਾਂ ਵਿਚ ਉਨ੍ਹਾਂ ਦਾ ਆਉਣ-ਜਾਣ ਸ਼ੁਰੂ ਹੋਇਆ। ਇੱਥੇ ਹੀ ਉਨ੍ਹਾਂ ਦਾ ਮੇਲ ਉਸਤਾਦ ਕ੍ਰਿਸ਼ਨ ਭਨੋਟ ਨਾਲ ਹੋਇਆ, ਜਿਨ੍ਹਾਂ ਤੋਂ ਉਨ੍ਹਾਂ ਨੇ ਅਰੂਜ਼ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਗ਼ਜ਼ਲ ਲਿਖਣ ਵੱਲ ਪ੍ਰੇਰਿਤ ਹੋ ਗਏ। ਰਾਜਵੰਤ ਹੁਰਾਂ ਨੇ ਗ਼ਜ਼ਲ ਦੇ ਨਾਲ-ਨਾਲ ਪੰਜਾਬੀ ਨਾਵਲ ਤੇ ਵੀ ਹੱਥ-ਅਜ਼ਮਾਈ ਕੀਤੀ। ਉਨ੍ਹਾਂ ਦੇ ਨਾਵਲਾਂ ਦਾ ਵਿਸ਼ੇ ਇੰਡੋਕੈਨੇਡੀਅਨ ਭਾਈਚਾਰੇ ਦੀ ਜੀਵਨ ਸ਼ੈਲੀ ਚੋਂ ਨਿਕਲਦੇ ਹਨ।
ਸੰਨ 2018 ਦੌਰਾਨ ਸਰੀ ਵਿਚ 'ਗਲਜ਼ ਮੰਚ ਸਰੀ' ਦੀ ਸਥਾਪਨਾ ਹੋਈ। ਕੁਝ ਨਾਮਵਰ ਗ਼ਜ਼ਲਗੋ ਇਸ ਦੇ ਮੁਢਲੇ ਮੈਂਬਰ ਬਣੇ। ਰਾਜਵੰਤ ਰਾਜ ਹੁਰੀਂ ਵੀ ਇਸ ਦੇ ਬਾਨੀ ਮੈਂਬਰਾਂ ਵਿੱਚੋਂ ਸਨ। ਇਸ ਸੰਸਥਾ ਨੇ ਅੱਗੇ ਜਾ ਕੇ ਬਹੁਤ ਮਾਅਰਕੇ ਦੇ ਕੰਮ ਕੀਤੇ ਅਤੇ ਸੰਸਾਰ ਭਰ ਵਿਚ ਨਾਂ ਕਮਾਇਆ। 'ਗ਼ਜ਼ਲ ਮੰਚ ਸਰੀ' ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ਵਿਚ ਰਾਜਵੰਤ ਹੁਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਪੇਸ਼ੇਵਰ ਤੌਰ 'ਤੇ ਗ਼ਜ਼ਲ ਮੰਚ ਸਰੀ ਦੇ ਸਮਾਗਮਾਂ ਦੀ ਯੋਜਨਾਬੰਦੀ, ਆਯੋਜਨ ਅਤੇ ਸੰਚਾਲਨ ਕਰਨ ਵਿੱਚ ਇੱਕ ਥੰਮ੍ਹ ਦੀ ਤਰ੍ਹਾਂ ਕੰਮ ਕਰਦੇ ਹਨ। ਪ੍ਰਸਿੱਧ ਕਵੀਆਂ ਅਤੇ ਕਾਵਿ ਆਲੋਚਕਾਂ ਨੇ ਗ਼ਜ਼ਲ ਮੰਚ ਸਰੀ ਨੂੰ ਵਿਸ਼ਵ ਮੰਚ 'ਤੇ ਲਿਜਾਣ 'ਤੇ ਉਨ੍ਹਾਂ ਦੀ ਅਤੇ ਟੀਮ ਦੀ ਤਾਰੀਫ਼ ਕੀਤੀ ਹੈ।
ਗ਼ਜ਼ਲ ਮੰਚ ਦੀ ਉਕਤ ਵੈਬਸਾਈਟ ਬਣਾਉਣ ਵਿਚ ਵੀ ਰਾਜਵੰਤ ਹੁਰਾਂ ਦਾ ਬਹੁਤ ਵੱਡਾ ਹੱਥ ਹੈ। ਇਸ ਤੋਂ ਇਲਾਵਾ ਉਨਾਂ ਨੇ ਪੰਜਾਬੀ ਕਵਿਤਾ, ਕਹਾਣੀ, ਨਾਵਲ ਆਦਿ ਦੀਆਂ ਕਿਤਾਬਾਂ ਤੇ ਬਹੁਤ ਖੋਜ-ਭਰਪੂਰ ਪਰਚੇ ਲਿਖੇ ਹਨ। ਬਹੁਤ ਸਾਰੇ ਰੇਡੀਉ, ਟੀ.ਵੀ, ਅਤੇ ਅਖ਼ਬਾਰਾਂ ਨਾਲ ਉਨਾਂ ਦੀਆਂ ਇੰਟਰਵਿਊ, ਤੁਸੀਂ ਇੰਟਰਨੈਟ ਤੇ ਦੇਖ ਸਕਦੇ ਹੋ। ਕੁੱਲ ਮਿਲਾ ਕੇ ਰਾਜਵੰਤ ਰਾਜ ਹੁਰੀਂ ਪੂਰੀ ਤਰ੍ਹਾਂ ਸਾਹਿਤ ਨੂੰ ਸਮਰਪਿਤ ਲੇਖਕ ਹਨ ਅਤੇ ਹਰ ਤਰ੍ਹਾਂ ਦੀ ਸਾਹਿਤਿੱਕ ਗਤਿਵਿਧੀ ਵਿਚ ਵਧ-ਚੜ੍ਹ ਕੇ ਹਿੱਸਾ ਪਾਉਂਦੇ ਹਨ।
ਰਾਜਵੰਤ ਰਾਜ ਦੀਆਂ ਕਿਤਾਬਾਂ
(ਕਿਤਾਬ ਪੜ੍ਹਨ ਲਈ ਕਿਤਾਬ ਦੇ ਨਾਂ 'ਤੇ ਕਲਿੱਕ ਕਰੋ)