ਸੁਖਜੀਤ ਬਹੁਤ ਛੋਟੀ ਉਮਰੇ ਕੈਨੇਡਾ ਆਈ ਸੀ। ਉਸ ਦੇ ਵਿਅਕਤੀਤਵ ਵਿਚ ਕੈਨੇਡੀਅਨ ਅਤੇ ਭਾਰਤੀ, ਦੋਹਾਂ ਸੱਭਿਆਚਾਰਾਂ ਦਾ ਸੁਮੇਲ ਮੌਜੂਦ ਹੈ। ਬਚਪਨ ਤੋਂ ਜਵਾਨੀ ਤੱਕ ਸੁਖਜੀਤ ਆਪਣੇ ਪਰਿਵਾਰ ਨਾਲ ਅਲਬਰਟਾ ਵਿਚ ਕੈਲਗਰੀ ਵਿਖੇ ਰਹਿੰਦੀ ਰਹੀ। ਉੱਥੋਂ ਹੀ ਸੁਖਜੀਤ ਨੇ ਰਸਾਇਣ ਵਿਗਿਆਨ ਵਿਚ ਉਚੇਰੀ ਪੜ੍ਹਾਈ ਕੀਤੀ। ਪੜ੍ਹਾਈ ਤੋਂ ਬਾਅਦ ਉਹ ਕਾਫ਼ੀ ਚਿਰ ਤੇਲ-ਉਦਯੋਗ ਵਿਚ ਕੰਮ ਕਰਦੀ ਰਹੀ। ਆਪਣੇ ਇਸੇ ਕੰਮ ਦੌਰਾਨ ਉਸ ਨੇ ਬਹੁਤ ਥਾਵਾਂ 'ਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਈਆਂ। ਇਸ ਪਿੱਛੋਂ ਉਹ ਪਰਿਵਾਰ ਸਮੇਤ ਸਰੀ ਬੀ.ਸੀ ਵਿਚ ਆ ਵਸੀ। ਇੱਥੇ ਰਹਿੰਦਿਆਂ ਉਸ ਨੇ ਕਈ ਕੰਮ ਕੀਤੇ ਅਤੇ ਅੱਜਕੱਲ੍ਹ ਉਹ ਬੀ.ਸੀ ਲੋਅਰ ਮੇਨ ਲੈਂਡ ਨੂੰ ਪਬਲਿਕ ਟਰਾਂਸਪੋਰਟ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ, ਟਰਾਂਸਲਿੰਕ ਵਿਚ ਇਕ ਉੱਚ-ਅਧਿਕਾਰੀ ਦੇ ਤੌਰ ਤੇ ਸੇਵਾਵਾਂ ਨਿਭਾ ਰਹੀ ਹੈ। ਉਸ ਨੂੰ ਕਵਿਤਾ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸ਼ੌਕ ਹਨ ਜਿਵੇਂ ਹਾਈਕਿੰਗ, ਫ਼ੋਟੋਗਰਾਫੀ, ਸਭਿਆਚਾਰਕ ਯਾਤਰਾਵਾਂ, ਖ਼ੋਜੀ ਮੁਹਿੰਮਾਂ ਅਤੇ ਸਫ਼ਾਰੀ ਆਦਿ।
ਪਿਛਲੇ ਥੋੜ੍ਹੇ ਸਮੇਂ ਤੋਂ ਹੀ ਉਸ ਨੇ ਗ਼ਜ਼ਲ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਹੈ। ਉਸ ਨੂੰ ਕਵਿਤਾ ਦੀ ਰਮਜ਼ ਦੀ ਸਮਝ ਹੈ। ਉਹ ਜਿਹੋ ਜਿਹੀ ਕਮਾਲ ਖੁੱਲ੍ਹੀ ਕਵਿਤਾ ਵਿਚ ਕਰਦੀ ਹੈ ਉਹੋ ਜਿਹੀ ਗ਼ਜ਼ਲ ਵਿਚ ਵੀ ਕਰ ਰਹੀ ਹੈ। ਬਤੌਰ ਉਸ ਦੇ, "ਮੈਨੂੰ ਭਾਵੇਂ ਹੀ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਦਾ ਗਿਆਨ ਹੈ ਫੇਰ ਵੀ ਪੰਜਾਬੀ ਵਿਚ ਡੂੰਘੀ ਕਵਿਤਾ ਲਿਖਣ ਲਈ ਮੈਨੂੰ ਬਹੁਤ ਮਿਹਨਤ ਦਰਕਾਰ ਹੈ"। ਇਨ੍ਹਾਂ ਦਿਨਾਂ ਵਿਚ ਉਹ ਆਪਣੀ ਗ਼ਜ਼ਲ 'ਤੇ ਕ੍ਰਿਸ਼ਨ ਭਨੋਟ ਹੋਰਾਂ ਕੋਲੋਂ ਇਸਲਾਹ ਲੈਂਦੀ ਹੈ। ਉਸ ਦੀ ਪੇਸ਼ਕਾਰੀ ਵਿਲੱਖਣ ਹੈ ਅਤੇ ਸਿਰੜ ਪੱਕਾ ਹੈ।